ਸਖ਼ਤ ਸੁਰੱਖਿਆ ’ਚ ਹੋਵੇਗਾ ਨਵੇਂ ਸਾਲ ਦਾ ਜਸ਼ਨ, ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਪੜ੍ਹੋ ਇਹ ਖ਼ਬਰ

Saturday, Dec 31, 2022 - 06:39 PM (IST)

ਸਖ਼ਤ ਸੁਰੱਖਿਆ ’ਚ ਹੋਵੇਗਾ ਨਵੇਂ ਸਾਲ ਦਾ ਜਸ਼ਨ, ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਪੜ੍ਹੋ ਇਹ ਖ਼ਬਰ

ਲੁਧਿਆਣਾ (ਰਾਜ) : ਸਾਲ 2022 ਦੀ ਵਿਦਾਇਗੀ ਅਤੇ ਨਵੇਂ ਸਾਲ 2023 ਦੇ ਸਵਾਗਤ ਦੇ ਜਸ਼ਨ ’ਚ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਹੋਵੇ, ਇਸ ਦੇ ਲਈ ਪੁਲਸ ਨੇ ਪੂਰੀ ਤਿਆਰੀ ਕਰ ਲਈ ਹੈ। ਨਵੇਂ ਸਾਲ ਦੇ ਜਸ਼ਨ ’ਤੇ ਪੁਲਸ ਦੀ ਸਖਤ ਨਜ਼ਰ ਰਹੇਗੀ। ਇਸ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਨਾਲ ਪੁਲਸ ਸਖ਼ਤੀ ਨਾਲ ਨਜਿੱਠੇਗੀ। ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਸ਼ਹਿਰ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਾਰੇ ਜੇ. ਸੀ. ਪੀ., ਡੀ. ਸੀ. ਪੀ., ਏ. ਡੀ. ਸੀ. ਪੀ., ਏ. ਸੀ. ਪੀ. ਅਤੇ ਐੱਸ. ਐੱਚ. ਓ. ਨੂੰ ਆਪਣੇ-ਆਪਣੇ ਇਲਾਕਿਆਂ ’ਚ ਗਸ਼ਤ ਕਰਨ ਲਈ ਕਿਹਾ ਗਿਆ ਹੈ। 3 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਸ਼ਹਿਰ ’ਚ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਸ਼ਹਿਰ ਦੀਆਂ ਹੱਦਾਂ ਜਿੱਥੇ ਸੀਲ ਕਰ ਦਿੱਤੀਆਂ ਗਈਆਂ ਹਨ, ਉੱਥੇ ਸ਼ਹਿਰ ’ਚ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ। ਜਸ਼ਨ ਤੋਂ ਇਕ ਦਿਨ ਪਹਿਲਾਂ ਹੀ ਪੁਲਸ ਵੱਲੋਂ ਸ਼ਹਿਰ ’ਚ ਨਾਕਾਬੰਦੀ ਕਰ ਦਿੱਤੀ ਗਈ ਹੈ, ਜਿੱਥੇ ਪੁਲਸ ਦੇ ਉੱਚ ਅਧਿਕਾਰੀ ਸੜਕਾਂ ’ਤੇ ਹਨ, ਨਾਲ ਹੀ ਬੰਬ ਨਿਰੋਧਕ ਦਸਤਾ ਟੀਮਾਂ ਵੀ ਬਾਜ਼ਾਰਾਂ, ਮਾਲਜ਼ ਅਤੇ ਹੋਰ ਜਨਤਕ ਥਾਵਾਂ ’ਤੇ ਸਰਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਜਸ਼ਨ ਮਨਾ ਰਿਹਾ ਸੀ ਪਰਿਵਾਰ, ਅਚਾਨਕ ਮਿਲੀ ਮੌਤ ਦੀ ਖਬਰ, ਮਚਿਆ ਚੀਕ-ਚਿਹਾੜਾ

ਅਸਲ ’ਚ ਪਿਛਲੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਕਈ ਥਾਵਾਂ ’ਤੇ ਅੱਤਵਾਦੀ ਹਮਲੇ ਹੋ ਚੁੱਕੇ ਹਨ ਅਤੇ ਕਈ ਥਾਵਾਂ ’ਤੇ ਹਥਿਆਰਾਂ ਨਾਲ ਬੰਬਨੁਮਾ ਚੀਜ਼ਾਂ ਵੀ ਮਿਲੀਆਂ ਹਨ। ਕੁਝ ਅੱਤਵਾਦੀ ਜਥੇਬੰਦੀਆਂ ਲੁਧਿਆਣਾ ਨੂੰ ਟਾਰਗੈੱਟ ਕਰਨ ਦੀ ਧਮਕੀ ਦੇ ਚੁੱਕੀਆਂ ਹਨ, ਜਿਸ ਕਾਰਨ ਲੁਧਿਆਣਾ ਪੁਲਸ ਵੱਲੋਂ ਤਿਆਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹੁਣ ਨਵੇਂ ਸਾਲ ਦੇ ਜਸ਼ਨ ਦੌਰਾਨ ਕੁਝ ਨਾ ਹੋਵੇ, ਇਸ ਦੇ ਲਈ ਪੁਲਸ ਅਲਰਟ ਹੈ। ਸ਼ਹਰਿ ਦੇ ਅਜਿਹੇ ਕਈ ਇਲਾਕੇ ਹਨ, ਜਿੱਥੇ ਨਵੇਂ ਸਾਲ ਦਾ ਜਸ਼ਨ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ, ਜਿੱਥੇ ਪੁਲਸ ਨੇ ਸਖ਼ਤ ਪਹਿਰਾ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਾਰੀਆਂ ਸੰਸਥਾਵਾਂ ਦੇ ਨਾਲ-ਨਾਲ ਧਾਰਮਿਕ ਅਸਥਾਨਾਂ ਦੇ ਬਾਹਰ ਵੀ ਸੁਰੱਖਿਆ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਹੋਟਲ ’ਚ ਲਿਜਾ ਕੇ ਬਲਾਤਕਾਰ ਕਰਦਾ ਰਿਹਾ ਪ੍ਰੇਮੀ, ਖਿੱਚੀਆਂ ਅਸ਼ਲੀਲ ਤਸਵੀਰਾਂ, ਅਸਲੀਅਤ ਖੁੱਲ੍ਹੀ ਤਾਂ ਉੱਡੇ ਹੋਸ਼

ਇਸ ਦੇ ਨਾਲ-ਨਾਲ ਸਾਰੀਆਂ ਸੰਸਥਾਵਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਸੀ. ਸੀ. ਟੀ. ਵੀ. ਕੈਮਰੇ ਪੂਰੀ ਤਰ੍ਹਾਂ ਦਰੁਸਤ ਰੱਖਣ ਤਾਂ ਕਿ ਤੀਜੀ ਅੱਖ ਨਾਲ ਵੀ ਸ਼ੱਕੀਆਂ ’ਤੇ ਨਜ਼ਰ ਰੱਖੀ ਜਾ ਸਕੇ। ਇਸ ਤੋਂ ਇਲਾਵਾ ਪੁਲਸ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਸ਼ੱਕੀ ਨਜ਼ਰ ਆਵੇ ਤਾਂ ਤੁਰੰਤ ਪੁਲਸ ਨੂੰ ਸੂਚਨਾ ਦੇਣ। ਨਵੇਂ ਸਾਲ ਦੇ ਜਸ਼ਨ ਦੌਰਾਨ ਕੁਝ ਲੋਕ ਹੁੱਲੜਬਾਜ਼ੀ ਕਰਦੇ ਹਨ। ਖਾਲੀ ਸੜਕਾਂ ਦੇਖ ਕੇ ਸਟੰਟ ਕਰਦੇ ਹਨ ਤਾਂ ਕੁਝ ਲੋਕ ਸ਼ਰਾਬ ਦੇ ਨਸ਼ੇ ’ਚ ਵਾਹਨ ਗਲਤ ਤਰੀਕੇ ਨਾਲ ਚਲਾਉਂਦੇ ਹਨ। ਕੁਝ ਲੋਕ ਔਰਤਾਂ ਅਤੇ ਲੜਕੀਆਂ ਨਾਲ ਦੁਰ-ਵਿਵਹਾਰ ਕਰਦੇ ਹਨ, ਜਿਸ ਕਾਰਨ ਪੁਲਸ ਨੇ ਹੁੱਲੜਬਾਜ਼ਾਂ ਨੂੰ ਖਾਸ ਚਿਤਾਵਨੀ ਦਿੱਤੀ ਹੈ। ਡ੍ਰੰਕ ਐਂਡ ਡਰਾਈਵ ਖ਼ਿਲਾਫ ਪੁਲਸ ਦੀ ਪਹਿਲਾਂ ਹੀ ਮੁਹਿੰਮ ਚੱਲ ਰਹੀ ਹੈ। ਹਰ ਥਾਣੇ ਵਿਚ ਆਲਕੋਮੀਟਰ ਦਿੱਤੇ ਗਏ ਹਨ ਤਾਂ ਕਿ ਜੇਕਰ ਪੁਲਸ ਨੂੰ ਲਗਦਾ ਹੈ ਕਿ ਕਿਸੇ ਵਾਹਨ ਚਾਲਕ ਨੇ ਸ਼ਰਾਬ ਪੀਤੀ ਹੈ ਤਾਂ ਉਸ ਨੂੰ ਚੈੱਕ ਕੀਤਾ ਜਾਵੇਗਾ। ਸਾਫ ਤੌਰ ’ਤੇ ਚਿਤਾਵਨੀ ਹੈ ਕਿ ਜੇਕਰ ਸ਼ਰਾਬ ਪੀ ਕੇ ਵਾਹਨ ਚਲਾਇਆ ਤਾਂ ਨਵਾਂ ਸਾਲ ਥਾਣੇ ’ਚ ਗੁਜ਼ਾਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੌਜਵਾਨ ਨੇ ਕੀਤਾ ਆਤਮਦਾਹ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News