ਪੰਜਾਬ ਪੁਲਸ ਦੇ ਖਰਾਬ ਹੋਏ ਅਕਸ ਨੂੰ ਠੀਕ ਕਰਨ ਲਈ ਨਵੀਂ ਸੋਚ ਦੀ ਲੋੜ

11/13/2017 1:53:19 AM

ਮੰਡੀ ਲੱਖੇਵਾਲੀ,   (ਸੁਖਪਾਲ ਢਿੱਲੋਂ)-  ਪੰਜਾਬ ਪੁਲਸ ਨੂੰ ਅੱਜ ਨਵੀਂ ਸੋਚ ਵਾਲੀ ਅਗਵਾਈ ਦੀ ਲੋੜ ਹੈ ਤਾਂ ਕਿ ਪੁਲਸ ਦੀ ਕਾਰਜ ਪ੍ਰਣਾਲੀ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਿਆ ਜਾ ਸਕੇ। ਅਸੀਂ ਹੁਣ ਗੁਲਾਮ ਨਹੀਂ ਰਹੇ ਤੇ ਆਜ਼ਾਦੀ ਦੇ ਸੱਤ ਦਹਾਕੇ ਬੀਤ ਚੁੱਕੇ ਹਨ ਪਰ ਇਸ ਦੇ ਬਾਵਜੂਦ  ਪੁਲਸ ਵਿਭਾਗ ਵਿਚ ਕੁਝ ਨਹੀਂ ਬਦਲਿਆ ਤੇ ਤਕਰੀਬਨ ਸਭ ਕੁਝ ਪੁਰਾਣਾ ਹੈ। ਕਿਸੇ ਨੇ ਅੱਜ ਤੱਕ ਇਸ ਪਾਸੇ ਧਿਆਨ ਦੇਣ ਦੀ ਖੇਚਲ ਹੀ ਨਹੀਂ ਕੀਤੀ, ਜਿਸ ਕਰਕੇ ਪੁਲਸ ਵਿਚ ਕਈ ਚਿਹਰੇ ਜ਼ਾਲਮਾਨਾ ਬਣੇ ਰਹੇ ਤੇ ਜ਼ਿਆਦਾ ਗਰੀਬ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਹ ਖੱਜਲ-ਖੁਆਰ ਹੁੰਦੇ ਰਹੇ। ਸਮਾਜ ਬਦਲ ਚੁੱਕਾ ਹੈ।
ਜਿਸ ਕਰਕੇ ਪੁਰਾਣੇ ਚੱਲਦੇ ਆ ਰਹੇ ਕਾਨੂੰਨ ਖਤਮ ਕਰ ਕੇ ਨਵੇਂ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਕਈ ਵਾਰ ਪੁਰਾਣਾ ਕਾਨੂੰਨ ਵੀ ਉਨ੍ਹਾਂ ਦੇ ਰਾਹ ਵਿਚ ਰੋੜਾ ਬਣ ਜਾਂਦਾ ਹੈ। ਬਹੁਤੀ ਵਾਰੀ ਸਿਆਸੀ ਨੇਤਾਵਾਂ ਨੇ ਪੰਜਾਬ ਪੁਲਸ ਨੂੰ ਗਲਤ ਵਰਤਿਆ, ਜਿਸ ਕਾਰਨ ਪੁਲਸ ਦਾ ਅਕਸ ਖਰਾਬ ਹੋਇਆ ਹੈ। ਪੁਲਸ 'ਤੇ ਸਿਆਸੀ ਦਬਾਅ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਨਿੱਤ ਰੋਜ਼ ਦੀਆਂ ਵੰਗਾਰਾਂ। ਰਿਸ਼ਵਤਖੋਰੀ ਭਾਵੇਂ ਸਭ ਵਿਭਾਗਾਂ ਵਿਚ ਹੈ ਪਰ ਬਦਨਾਮ ਜ਼ਿਆਦਾ ਪੁਲਸ ਹੈ ਪਰ ਸਾਰੇ ਪੁਲਸ ਵਾਲੇ ਮਾੜੇ ਵੀ ਨਹੀਂ ਹਨ। ਕੁਝ ਲੋਕ ਪੂਰੀ ਦੀ ਪੂਰੀ ਪੁਲਸ ਫੋਰਸ 'ਤੇ ਕਾਲਾ ਧੱਬਾ ਬਣ ਜਾਂਦੇ ਹਨ। ਸਮੇਂ ਦੀ ਲੋੜ ਹੈ ਕਿ ਪੁਲਸ ਦਾ ਰੋਲ ਸਮਾਜ ਸੇਵਾ ਦੀ ਭਾਵਨਾ ਵਾਲਾ ਹੋਣਾ ਚਾਹੀਦਾ ਹੈ। 
ਪਹਿਲਾਂ ਤਾਂ ਪੁਲਸ ਵਾਲੇ ਇੰਨੇ ਪੜ੍ਹੇ ਲਿਖੇ ਨਹੀਂ ਸਨ ਪਰ ਹੁਣ ਤਾਂ ਇਕ ਸਿਪਾਹੀ ਤੋਂ ਲੈ ਕੇ ਉਪਰ ਤੱਕ ਮੁਲਾਜ਼ਮ ਉਚ ਵਿੱਦਿਆ ਪ੍ਰਾਪਤ ਹਨ। ਇਨ੍ਹਾਂ ਵਿਚੋਂ ਕਈ ਤਾਂ ਚੰਗੀ ਸੋਚ ਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਹਨ ਤੇ ਲੋਕਾਂ ਲਈ ਕੁਝ ਕਰਨਾ ਲੋਚਦੇ ਹਨ ਪਰ ਫਿਰ ਵੀ ਉਹ ਵਿਚਾਰੇ ਮਜਬੂਰ ਹਨ ਕਿਉਂਕਿ ਉਨ੍ਹਾਂ 'ਤੇ ਸਿਆਸੀ ਲੋਕਾਂ ਦਾ ਦਬਦਬਾ ਹੀ ਇੰਨਾ ਜ਼ਿਆਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਸਕਦੇ। 
ਪੰਜਾਬ ਪੁਲਸ ਲਈ ਨਵੇਂ ਕਾਨੂੰਨ ਬਣਾਉਣ ਦੀ ਜ਼ਰੂਰਤ
ਮੌਜੂਦਾ ਸਮੇਂ ਦੀ ਲੋੜ ਮੁਤਾਬਕ ਪੰਜਾਬ ਪੁਲਸ ਲਈ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਪੁਲਸ ਆਪਣਾ ਕੰਮਕਾਜ ਸਹੀ ਢੰਗ ਤਰੀਕੇ ਨਾਲ, ਬਿਨਾਂ ਕਿਸੇ ਪੱਖਪਾਤ ਅਤੇ ਕਿਸੇ ਦੇ ਦਬਾਅ ਤੋਂ ਆਜ਼ਾਦ ਹੋ ਕੇ ਕਰ ਸਕੇ ਅਤੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਦੇਰੀ ਇਨਸਾਫ਼ ਮਿਲ ਸਕੇ। ਪੁਲਸ ਦੇ ਕਾਇਦੇ ਕਾਨੂੰਨ ਸਭ ਪੁਰਾਣੇ ਹੀ ਹਨ, ਬਦਲਿਆ ਕੁਝ ਨਹੀਂ। ਸਿਰਫ਼ ਇੰਨਾ ਜ਼ਰੂਰ ਫਰਕ ਹੈ ਕਿ ਅੰਗਰੇਜ਼ਾਂ ਦੇ ਰਾਜ ਵਿਚ ਪੁਲਸ ਦੇ ਸਿਪਾਹੀ ਨਿੱਕਰਾਂ ਪਾਉਂਦੇ ਸਨ ਤੇ ਹੁਣ ਪੈਂਟ ਪਾਉਣ ਲੱਗ ਪਏ ਹਨ। ਅੰਗਰੇਜ਼ ਤਾਂ ਇਥੋਂ ਚਲੇ ਗਏ ਪਰ ਉਨ੍ਹਾਂ ਦੇ ਜਾਣ ਮਗਰੋਂ ਵੀ ਪੁਲਸ ਦੇ ਕੰਮ ਕਰਨ ਦਾ ਢੰਗ ਤਰੀਕਾ ਨਹੀਂ ਬਦਲਿਆ।
ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੱਲ ਦਿੱਤਾ ਜਾਵੇ ਧਿਆਨ
ਜਿਥੇ ਪੁਲਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਜ਼ਰੂਰਤ ਹੈ, ਉਥੇ ਪੁਲਸ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕੰਮ ਦੇ ਹਿਸਾਬ ਨਾਲ ਉਨ੍ਹਾਂ ਦੇ ਗਰੇਡਾਂ ਵਿਚ ਵਾਧਾ ਕਰਨਾ ਚਾਹੀਦਾ ਹੈ। ਨਿੱਤ ਰੋਜ਼ ਪੁਲਸ ਨੂੰ ਵੀ. ਆਈ. ਪੀ. ਡਿਊਟੀ ਦੇਣੀ ਪੈਂਦੀ ਹੈ ਤੇ ਪੁਲਸ ਥਾਣੇ ਸੁੰਨੇ ਹੀ ਪਏ ਰਹਿੰਦੇ ਹਨ। ਸਿਆਸੀ ਨੇਤਾਵਾਂ ਦੀ ਬੇਲੋੜੀ ਸੁਰੱਖਿਆ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਕਿ ਪੁਲਸ ਵਿਭਾਗ ਦੇ ਕੰਮਕਾਜ ਵਿਚ ਚੁਸਤੀ ਫੁਰਤੀ ਆ ਸਕੇ ਤੇ ਆਮ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ ਤੇ ਸੂਬੇ 'ਚ ਅਮਨ ਸ਼ਾਤੀ ਬਣੀ ਰਹੇ।


Related News