ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਦੀ ਭੇਤਭਰੀ ਹਾਲਤ ’ਚ ਮੌਤ
Monday, Dec 05, 2022 - 07:10 PM (IST)
ਭਾਦਸੋਂ (ਅਵਤਾਰ) : ਥਾਣਾ ਸਰਹਿੰਦ ਦੇ ਪਿੰਡ ਸੰਗਤਪੁਰਾ ਦੇ 28 ਸਾਲਾ ਨੌਜਵਾਨ ਕਰਮਵੰਤ ਸਿੰਘ ਦੀ ਭਾਦਸੋਂ ਨੇੜਲੇ ਬਹਿਬਲਪੁਰ ਵਿਖੇ ਭੇਤਭਰੇ ਘਟਨਾਚੱਕਰ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਇਲਾਕੇ ’ਚ ਮੌਤ ਦਾ ਕਾਰਨ ਸਿੰਥੈਟਿਕ ਨਸ਼ਾ ਦੱਸੇ ਜਾਣ ਦੀਆਂ ਕਿਆਸ ਅਰਾਈਆਂ ਨੂੰ ਮੁੱਢੋਂ ਖਾਰਿਜ ਕਰਦਿਆਂ ਨੌਜਵਾਨ ਕਰਮਵੰਤ ਸਿੰਘ ਦੇ ਜੀਜਾ ਓਂਕਾਰ ਸਿੰਘ ਸਰਹਿੰਦ ਨੇ ਦੱਸਿਆ ਕਿ ਕਰਮਵੰਤ ਸਿੰਘ ਕੋਈ ਨਸ਼ਾ ਨਹੀਂ ਕਰਦਾ ਸੀ। ਮ੍ਰਿਤਕ ਪੰਜ ਪਿੰਡਾਂ ਦੀ ਕੋਆਪ੍ਰੇਟਿਵ ਸੋਸਾਇਟੀ ਅਤੇ ਸੰਗਤਪੁਰਾ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਤੇ ਘਰ ਦਾ ਇਕਲੌਤਾ ਪੁਰਸ਼ ਮੈਂਬਰ ਸੀ । ਥੋੜ੍ਹਾ ਸਮਾਂ ਪਹਿਲਾਂ ਉਸ ਦੇ ਦਾਦਾ-ਦਾਦੀ ਤੇ ਮਾਤਾ-ਪਿਤਾ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ ਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਕਰਮਵੰਤ ਦੇ ਘਰ ਸਿਰਫ ਉਸ ਦੀ ਪਤਨੀ ਤੇ ਡੇਢ ਕੁ ਸਾਲ ਦੀ ਬੇਟੀ ਰਹਿ ਗਏ ਹਨ ।
ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ
ਓਂਕਾਰ ਸਿੰਘ ਨੇ ਪਿੰਡ ਦੇ ਹੀ ਵਾਸੀ ਗੁਰਪ੍ਰੀਤ ਸਿੰਘ ਉਰਫ ਕਾਲਾ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਬੀਤੇ ਦਿਨੀਂ ਗੁਰਪ੍ਰੀਤ ਕਰਮਵੰਤ ਸਿੰਘ ਨੂੰ ਦੁਪਹਿਰ 1 ਵਜੇ ਦੇ ਕਰੀਬ ਸ਼ੱਕੀ ਹਾਲਤ ’ਚ ਘਰੋਂ ਲੈ ਕੇ ਚਲਾ ਗਿਆ । ਜਦੋਂ ਸ਼ਾਮ ਸਾਢੇ 4 ਵਜੇ ਪਰਿਵਾਰ ਨੇ ਕਰਮਵੰਤ ਦੇ ਫੋਨ ਉੱਤੇ ਕਾਲ ਕੀਤੀ ਤਾਂ ਕਿਸੇ ਐਂਬੂਲੈਂਸ ਡਰਾਈਵਰ ਨੇ ਫੋਨ ਚੁੱਕ ਕੇ ਦੱਸਿਆ ਕਿ ਫੋਨ ਨਾਲ ਸਬੰਧਤ ਨੌਜਵਾਨ ਨੂੰ ਗੰਭੀਰ ਹਾਲਤ ’ਚ ਰਜਿੰਦਰਾ ਹਸਪਤਾਲ ਲਿਜਾਇਆ ਜਾ ਰਿਹਾ ਹੈ ਪਰ ਪਰਿਵਾਰ ਜਦੋਂ 6 ਕੁ ਵਜੇ ਰਜਿੰਦਰਾ ਹਸਪਤਾਲ ਪੁੱਜਾ ਤਾਂ ਕਰਮਵੰਤ ਸਿੰਘ ਦੀ ਮੌਤ ਹੋ ਚੁੱਕੀ ਸੀ । ਓਂਕਾਰ ਸਿੰਘ ਨੇ ਮਾਮਲੇ ਦੇ ਬਕੂਹੇ ਸਬੰਧੀ ਸਪੱਸ਼ਟ ਨਾ ਹੋਣ ਕਾਰਨ ਪੁਲਸ ’ਤੇ ਅੱਧੀ ਰਾਤ ਤੱਕ ਰਿਪੋਰਟ ਨਾ ਲਿਖਣ ਦੇ ਦੋਸ਼ ਵੀ ਲਗਾਉਂਦਿਆਂ ਕਿਹਾ ਕਿ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਦੇ ਦਖ਼ਲ ਨਾਲ ਥਾਣਾ ਭਾਦਸੋਂ ਵਲੋਂ ਮਾਮਲੇ ਦੀ ਰਿਪੋਰਟ ਲਿਖੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
ਪੁਲਸ ਸੂਤਰਾਂ ਅਨੁਸਾਰ ਸਰਕਾਰੀ ਹਸਪਤਾਲ ਭਾਦਸੋਂ ਵਿਖੇ ਮ੍ਰਿਤਕ ਕਰਮਵੰਤ ਸਿੰਘ ਨੂੰ ਕਿਸੇ ਵਿਅਕਤੀ ਵੱਲੋਂ ਇਹ ਕਹਿ ਕੇ ਦਾਖਲ ਕਰਵਾਇਆ ਗਿਆ ਸੀ ਕਿ ਉਹ ਪਿੰਡ ਸੰਗਤਪੁਰਾ ਤੋਂ ਬੀਮਾਰ ਨੂੰ ਲੈ ਆਇਆ ਹੈ । ਇਸ ਹਿਸਾਬ ਨਾਲ ਕਾਰਵਾਈ ਥਾਣਾ ਸਰਹਿੰਦ ’ਚ ਕੀਤੀ ਜਾਣੀ ਸੀ ਪਰ ਸਰਹਿੰਦ ਪੁਲਸ ਵੱਲੋਂ ਬਕੂਹਾ ਬਹਿਬਲਪੁਰ ਦਾ ਸਪੱਸ਼ਟ ਕੀਤੇ ਜਾਣ ਉਪਰੰਤ ਥਾਣਾ ਭਾਦਸੋਂ ਵਿਖੇ ਮਾਮਲਾ ਦਰਜ ਕਰਕੇ ਮੌਤ ਦੇ ਅਸਲ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ। ਜਲਦ ਹੀ ਮਾਮਲਾ ਸਪੱਸ਼ਟ ਕਰ ਦਿੱਤਾ ਜਾਏਗਾ ।
ਇਹ ਖ਼ਬਰ ਵੀ ਪੜ੍ਹੋ : ਟੋਲ ਪਲਾਜ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਐਲਾਨ, ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ Top 10