ਮੋਦੀ ਸਰਕਾਰ ਘੱਟ ਗਿਣਤੀਆਂ ''ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਏ : ਖਾਲਸਾ
Monday, Jun 19, 2017 - 10:30 AM (IST)
ਅੰਮ੍ਰਿਤਸਰ - ਮੋਦੀ ਸਰਕਾਰ ਭਗਵਾ ਅੱਤਵਾਦ ਫੈਲਾ ਕੇ ਦੇਸ਼ ਅੰਦਰ ਘੱਟ ਗਿਣਤੀਆਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਰਹੀ ਹੈ, ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਹੈ ਪਰ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਰਾਸ਼ਟਰ ਨੂੰ ਤੋੜਨ ਵਾਲੇ ਅਜਿਹੇ ਮਾੜੇ ਮਨਸੂਬਿਆਂ 'ਚ ਫਿਰਕੂ ਹਿੰਦੂਤਵ ਤਾਕਤਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਇਹ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ 'ਤੇ ਜੂਨ 1984 'ਚ ਹਿੰਦੂ ਹਕੂਮਤ ਵੱਲੋਂ ਕੀਤੇ ਹਮਲੇ ਦੌਰਾਨ ਵਾਪਰੇ ਘੱਲੂਘਾਰੇ 'ਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ 'ਚ ਗੁ. ਸ਼ਹੀਦ ਬੁੰਗਾ ਸ਼੍ਰੀਨਗਰ ਵਿਖੇ ਮਨਾਏ ਸ਼ਹੀਦੀ ਸਮਾਗਮ 'ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਭਾਈ ਖਾਲਸਾ ਨੇ ਕਿਹਾ ਕਿ ਅੱਜ ਸਾਡੀ ਵਿਲੱਖਣਤਾ, ਵੱਖਰੀ ਹੋਂਦ ਤੇ ਸਾਡਾ ਸਰੂਪ ਖਤਰੇ 'ਚ ਹੈ, ਸਿੱਖਾਂ ਦੀ ਅਣਖ, ਸਵੈਮਾਣ ਨੂੰ ਬਣਾਏ ਰੱਖਣ ਲਈ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ, ਸਿਧਾਂਤ ਨੂੰ ਹਰ ਨਾਨਕ ਨਾਮਲੇਵਾ ਦਾ ਅੰਗ ਬਣਾਉਣ ਦੀ ਲੋੜ ਹੈ ਤੇ ਸਿੱਖਾਂ ਲਈ ਵੱਖਰੇ ਰਾਜ, ਖਾਲਸਾ ਜੀ ਦੇ ਬੋਲ-ਬਾਲੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।
ਇਸ ਗੁਰਮਤਿ ਸਮਾਗਮ 'ਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੇ ਧਾਰਮਿਕ ਆਗੂ ਉਚੇਚੇ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ 'ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ, ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ ਆਦਿ ਨੇ ਸੰਗਤਾਂ ਨੂੰ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰ-ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਘਰ ਦੀ ਵਿਰੋਧਤਾ ਹੁੰਦੀ ਆ ਰਹੀ ਹੈ, ਬਾਬਰ ਕੇ ਤੇ ਬਾਬੇ ਕੇ ਸ਼ੁਰੂ ਤੋਂ ਹੀ ਟਕਰਾਉਂਦੇ ਰਹੇ ਹਨ। ਇਹ ਵਿਰੋਧਤਾ ਕਦੇ ਹਿਮਾਯੂੰ, ਕਦੇ ਜਹਾਂਗੀਰ ਤੇ ਕਦੇ ਔਰੰਗਜ਼ੇਬ ਆਦਿ ਮੁਗਲ ਸ਼ਾਸਕ ਕਰਦੇ ਰਹੇ ਹਨ ਪਰ ਹਰ ਵਾਰ ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹ ਦੀ ਖਾਣੀ ਪਈ। ਵਰਤਮਾਨ ਸਮੇਂ 'ਚ ਜੂਨ 84 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਤੇ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਨਾ ਵੀ ਉਸ ਕੜੀ ਦਾ ਹੀ ਹਿੱਸਾ ਹੈ। ਉਨ੍ਹਾਂ ਕੌਮ ਨੂੰ ਪੰਥ ਦੇ ਉੱਜਲ ਭਵਿੱਖ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਫੈੱਡਰੇਸ਼ਨ ਦੇ ਸਕੱਤਰ ਜਨਰਲ ਭਾਈ ਮੇਜਰ ਸਿੰਘ, ਕੁਲਦੀਪ ਸਿੰਘ ਬਾਲੀ, ਭਾਈ ਹਰਜੀਤ ਸਿੰਘ ਸ਼੍ਰੀਨਗਰ, ਭਾਈ ਬਿਕਰਮਜੀਤ ਸਿੰਘ ਸਰਪੰਚ, ਭਾਈ ਗੁਰਵਿੰਦਰ ਸਿੰਘ, ਭਾਈ ਦਾਰਾ ਸਿੰਘ, ਮਨਜੀਤ ਸਿੰਘ ਫਤਿਹ, ਭਾਈ ਜਸਪਾਲ ਸਿੰਘ ਇਸਲਾਮਗੰਜ, ਭਾਈ ਮਨਦੀਪ ਸਿੰਘ ਖਾਲਸਾ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ ਲੁਧਿਆਣਾ, ਭਾਈ ਜਗਜੀਤ ਸਿੰਘ ਦਿੱਲੀ, ਭਾਈ ਅਮਰੀਕ ਸਿੰਘ, ਭਾਈ ਦਲੇਰ ਸਿੰਘ ਡੋਡ ਤੇ ਹੋਰ ਵੀ ਆਗੂ ਹਾਜ਼ਰ ਸਨ।
