ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸੁਧਾਰਾਂ ਦੀ ਤੁਰੰਤ ਲੋੜ : ਜੈਸ਼ੰਕਰ
Friday, Oct 24, 2025 - 10:21 PM (IST)
ਨਵੀਂ ਦਿੱਲੀ-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ. ਐੱਨ. ਐੱਸ. ਸੀ.) ’ਚ ਸੁਧਾਰਾਂ ਦੀ ਤੁਰੰਤ ਲੋੜ ’ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਦੀ ਘਾਟ ’ਚ ਗਲੋਬਲ ਸੰਸਥਾ ਦਾ ਕੰਮਕਾਜ ‘ਰੁਕ’ ਗਿਆ ਹੈ। ਭਾਰਤ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਬਚਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਇਹ ਟਿੱਪਣੀ ਕੀਤੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗਲੋਬਲ ਰਣਨੀਤੀ ਦੇ ਨਾਂ ’ਤੇ ਅੱਤਵਾਦ ਦੇ ਪੀਡ਼ਤਾਂ ਅਤੇ ਗੁਨਾਹਗਾਰਾਂ ਨੂੰ ਇਕ ਬਰਾਬਰ ਮੰਨਣ ਵਾਲਿਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਇਹ ਟਿੱਪਣੀ ਭਾਰਤ ਅਤੇ ਪਾਕਿਸਤਾਨ ਨੂੰ ਇਕ ਹੀ ਪੈਮਾਨੇ ’ਤੇ ਤੋਲਣ ਦੀ ਸੋਚ ਵੱਲ ਇਸ਼ਾਰਾ ਕਰਦੇ ਹੋਏ ਕੀਤੀ, ਖਾਸ ਕਰ ਕੇ ਹਾਲ ’ਚ ਹੋਏ ਅੱਤਵਾਦੀ ਹਮਲੇ ਦੇ ਸੰਦਰਭ ’ਚ।
ਜੈਸ਼ੰਕਰ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੀ 80ਵੀਂ ਵਰ੍ਹੇਗੰਢ ਦੇ ਮੌਕੇ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਸੰਯੁਕਤ ਰਾਸ਼ਟਰ ’ਚ ‘ਸਭ ਕੁਝ ਠੀਕ ਨਹੀਂ ਹੈ’, ਕਿਉਂਕਿ ਸੰਯੁਕਤ ਰਾਸ਼ਟਰ ’ਚ ਹੋਣ ਵਾਲੀਆਂ ਬਹਿਸਾਂ ਹੁਣ ਬਹੁਤ ਜ਼ਿਆਦਾ ਵੰਡੀਆਂ ਹੋਈਆਂ ਹਨ ਅਤੇ ਉਸ ਦਾ ਕੰਮਕਾਜ ਸਾਫ਼ ਤੌਰ ’ਤੇ ‘ਰੁਕਿਆ ਹੋਇਆ ਦਿਸ ਰਿਹਾ ਹੈ’। ਉਨ੍ਹਾਂ ਕਿਹਾ, ‘‘ਕਿਸੇ ਵੀ ਸਾਰਥਕ ਸੁਧਾਰ ਨੂੰ ਉਸ ਦੀ ਆਪਣੀ ਪ੍ਰਕਿਰਿਆ ਰਾਹੀਂ ਹੀ ਰੋਕਿਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਬਣਾਈ ਰੱਖਣਾ ਅਤੇ ਇਸ ਦੇ ਮੁੜਨਿਰਮਾਣ ਦੀ ਮੰਗ ਕਰਨਾ ਸਪੱਸ਼ਟ ਤੌਰ ’ਤੇ ਦੁਨੀਆ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।
ਜੈਸ਼ੰਕਰ ਨੇ ਕਿਹਾ, ‘ਕੁਝ ਉਦਾਹਰਣਾਂ ਅੱਤਵਾਦ ਪ੍ਰਤੀ ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ ਨਾਲੋਂ ਜ਼ਿਆਦਾ ਉਸ ਦੇ ਸਾਹਮਣੇ ਦੀ ਮੌਜੂਦਾ ਚੁਣੌਤੀਆਂ ਨੂੰ ਦਰਸਾਉਂਦੀਆਂ ਹਨ। ਜਦੋਂ ਸੁਰੱਖਿਆ ਕੌਂਸਲ ਦਾ ਇਕ ਮੌਜੂਦਾ ਮੈਂਬਰ ਉਸੇ ਸੰਗਠਨ ਦਾ ਖੁਲ੍ਹੇਆਮ ਬਚਾਅ ਕਰਦਾ ਹੈ, ਜਿਸ ਨੇ ਪਹਿਲਗਾਮ ਵਰਗੇ ਘਿਨਾਉਣੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਤਾਂ ਇਸ ਨਾਲ ਬਹੁਪੱਖਵਾਦ ਦੀ ਭਰੋਸੇਯੋਗਤਾ ’ਤੇ ਕੀ ਅਸਰ ਪੈਂਦਾ ਹੈ?’’ ਜੈਸ਼ੰਕਰ ਨੇ ਹਾਲਾਂਕਿ ਸਿੱਧੇ ਤੌਰ ’ਤੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੀ ਟਿੱਪਣੀ ਤੋਂ ਇਹ ਸਪੱਸ਼ਟ ਸੀ ਕਿ ਉਹ ਉਸੇ ਦੇਸ਼ ਦਾ ਜ਼ਿਕਰ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਜਦੋਂ ਖੁਦ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਪਾਬੰਦੀਆਂ ਤੋਂ ਬਚਾਇਆ ਜਾਂਦਾ ਹੈ, ਤਾਂ ਇਸ ’ਚ ਸ਼ਾਮਲ ਲੋਕਾਂ ਦੀ ਈਮਾਨਦਾਰੀ ’ਤੇ ਸਵਾਲ ਉੱਠਦਾ ਹੈ।’’
