ਹੁਣ ਸੜਕਾਂ ਦੀ ਹਾਲਤ ਦੀ ਜਾਂਚ ਕਰਨਗੇ ਹਾਈ-ਟੈਕ ਵਾਹਨ, NHAI ਨੇ ਸ਼ੁਰੂ ਕੀਤੀ ਨਵੀਂ ਪਹਿਲ

Thursday, Oct 23, 2025 - 12:17 AM (IST)

ਹੁਣ ਸੜਕਾਂ ਦੀ ਹਾਲਤ ਦੀ ਜਾਂਚ ਕਰਨਗੇ ਹਾਈ-ਟੈਕ ਵਾਹਨ, NHAI ਨੇ ਸ਼ੁਰੂ ਕੀਤੀ ਨਵੀਂ ਪਹਿਲ

ਨੈਸ਼ਨਲ ਡੈਸਕ — ਦੇਸ਼ ਦੇ ਰਾਸ਼ਟਰੀ ਹਾਈਵੇ ਹੁਣ ਹੋਰ ਵੀ ਆਰਾਮਦਾਇਕ ਤੇ ਸੁਰੱਖਿਅਤ ਹੋਣਗੇ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਸੜਕਾਂ ਦੀ ਗੁਣਵੱਤਾ ਤੇ ਹਾਲਤ ਦੀ ਸਹੀ ਨਿਗਰਾਨੀ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਤਹਿਤ ਨੈੱਟਵਰਕ ਸਰਵੇ ਵਾਹਨ (NSV) ਨਾਮਕ ਹਾਈਟੈਕ ਗੱਡੀਆਂ ਨੂੰ ਦੇਸ਼ ਭਰ ‘ਚ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਵਾਹਨ 23 ਰਾਜਾਂ ‘ਚ ਲਗਭਗ 20,900 ਕਿਲੋਮੀਟਰ ਲੰਬੇ ਰਾਸ਼ਟਰੀ ਹਾਈਵੇਜ਼ ਦੀ ਜਾਂਚ ਕਰਨਗੇ।

ਇਨ੍ਹਾਂ ਵਾਹਨਾਂ ਦਾ ਮੁੱਖ ਮਕਸਦ ਹੈ — ਸੜਕਾਂ ‘ਤੇ ਹੋ ਰਹੀ ਟੂਟ-ਫੂਟ, ਟੋਏ, ਦਰਾਰਾਂ ਅਤੇ ਹੋਰ ਤਕਨੀਕੀ ਖਾਮੀਆਂ ਦੀ ਸਹੀ ਪਛਾਣ ਕਰਨੀ, ਤਾਂ ਜੋ ਸਮੇਂ ‘ਤੇ ਮਰੰਮਤ ਹੋ ਸਕੇ ਅਤੇ ਯਾਤਰਾ ਸੁਗਮ ਰਹੇ।

ਸੜਕ ਦੀ ਹਰ ਖਰਾਬੀ ਹੋਵੇਗੀ ਰਿਕਾਰਡ
ਇਹ NSV ਵਾਹਨ 3D ਲੇਜ਼ਰ ਸਿਸਟਮ, 360 ਡਿਗਰੀ ਕੈਮਰੇ ਅਤੇ GPS ਟੈਕਨੋਲੋਜੀ ਨਾਲ ਲੈਸ ਹਨ। ਇਹ ਸਿਸਟਮ ਬਿਨਾਂ ਕਿਸੇ ਮਨੁੱਖੀ ਦਖ਼ਲ ਦੇ ਸੜਕਾਂ ਦੀ ਹਾਲਤ ਦਾ ਡਾਟਾ ਰਿਕਾਰਡ ਕਰੇਗਾ, ਚਾਹੇ ਟੋਏ ਹੋਣ, ਦਰਾਰਾਂ ਜਾਂ ਕਿਸੇ ਕਿਸਮ ਦਾ ਪੈਚ। ਇਕੱਠਾ ਕੀਤਾ ਡਾਟਾ NHAI ਦੇ AI ਅਧਾਰਿਤ ਡਾਟਾ ਲੇਕ ਪੋਰਟਲ ‘ਤੇ ਸਿੱਧਾ ਅਪਲੋਡ ਕੀਤਾ ਜਾਵੇਗਾ, ਜਿੱਥੇ ਮਾਹਰਾਂ ਦੀ ਟੀਮ ਇਸਦਾ ਵਿਸ਼ਲੇਸ਼ਣ ਕਰੇਗੀ।

ਹਰ ਛੇ ਮਹੀਨੇ ‘ਚ ਹੋਵੇਗਾ ਮੁੜ ਸਰਵੇ
ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਸੜਕਾਂ ਦੀ ਸਥਿਤੀ ਦਾ ਸਰਵੇ ਹਰ ਛੇ ਮਹੀਨੇ ਬਾਅਦ ਦੁਬਾਰਾ ਕੀਤਾ ਜਾਵੇਗਾ। ਇਸ ਨਾਲ ਸੜਕਾਂ ਦੇ ਰੱਖ-ਰਖਾਅ ਅਤੇ ਭਵਿੱਖੀ ਵਿਕਾਸ ਲਈ ਇਤਿਹਾਸਕ ਡਾਟਾ ਉਪਲਬਧ ਰਹੇਗਾ।

NHAI ਵੱਲੋਂ ਦੱਸਿਆ ਗਿਆ ਹੈ ਕਿ ਇਹ ਸਰਵੇ 2-ਲੇਨ, 4-ਲੇਨ, 6-ਲੇਨ ਅਤੇ 8-ਲੇਨ ਵਾਲੇ ਸਾਰੇ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਲਈ ਅਥਾਰਟੀ ਨੇ ਯੋਗ ਕੰਪਨੀਆਂ ਤੋਂ ਟੈਂਡਰਾਂ ਦੀ ਮੰਗ ਕੀਤੀ ਹੈ, ਜੋ ਸਰਵੇ, ਡਾਟਾ ਪ੍ਰੋਸੈਸਿੰਗ ਅਤੇ ਵਿਸ਼ਲੇਸ਼ਣ ਦਾ ਕੰਮ ਸੰਭਾਲਣਗੀਆਂ। NHAI ਦਾ ਇਹ ਕਦਮ ਸੜਕ ਸੁਰੱਖਿਆ ਅਤੇ ਯਾਤਰੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਪਹੁੰਚ ਮੰਨੀ ਜਾ ਰਹੀ ਹੈ।


author

Inder Prajapati

Content Editor

Related News