ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ

Thursday, Jun 09, 2022 - 10:59 AM (IST)

ਜਲੰਧਰ (ਧਵਨ)– ਪੰਜਾਬ ਵਿਚ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਮਾਈਨਿੰਗ ਵਿਚ ਲੱਗੇ ਰਹੇ ਕਾਂਗਰਸੀ ਨੇਤਾਵਾਂ ਅਤੇ ਸਾਬਕਾ ਵਿਧਾਇਕਾਂ ’ਤੇ ਵੀ ਭਗਵੰਤ ਮਾਨ ਸਰਕਾਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਨ੍ਹਾਂ ਮਾਈਨਿੰਗ ਦੇ ਧੰਦੇ ਨਾਲ ਕਰੋੜਾਂ ਰੁਪਏ ਕਥਿਤ ਰੂਪ ਵਿਚ ਕਮਾਏ ਸਨ। ਅਜੇ ਭਗਵੰਤ ਮਾਨ ਸਰਕਾਰ ਨੇ ਸਿਰਫ਼ ਸਾਬਕਾ ਮੰਤਰੀ ਡਾ. ਸਾਧੂ ਸਿੰਘ ਧਰਮਸੌਤ ’ਤੇ ਹੱਥ ਪਾਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਸਰਕਾਰ ਵਿਜੀਲੈਂਸ ਬਿਊਰੋ ਨੂੰ ਮਾਈਨਿੰਗ ਦੇ ਧੰਦੇ ਵਿਚ ਲੱਗੇ ਰਹੇ ਸਾਬਕਾ ਕਾਂਗਰਸੀ ਨੇਤਾਵਾਂ ਖ਼ਿਲਾਫ਼ ਵੀ ਜਾਂਚ ਦੇ ਹੁਕਮ ਦੇ ਸਕਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਮਾਈਨਿੰਗ ਦੇ ਕੰਮ ਵਿਚ ਸ਼ਾਮਲ ਕਾਂਗਰਸੀ ਨੇਤਾਵਾਂ ਬਾਰੇ ਕਾਂਗਰਸ ਹਾਈ ਕਮਾਨ ਨੂੰ ਸੂਚਿਤ ਕੀਤਾ ਸੀ ਪਰ ਉਹ ਵੀ ਇਨ੍ਹਾਂ ਨੇਤਾਵਾਂ ਖ਼ਿਲਾਫ਼ ਖ਼ੁਦ ਕੋਈ ਕਾਰਵਾਈ ਨਹੀਂ ਕਰ ਸਕੇ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਵਿਜੀਲੈਂਸ ਬਿਊਰੋ ਨੇ ਡਾ. ਸਾਧੂ ਸਿੰਘ ਧਰਮਸੌਤ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰਕੇ ਪੰਜਾਬ ਦੀ ਸਿਆਸਤ ਵਿਚ ਗਰਮੀ ਲਿਆ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿਥੇ ਇਕ ਪਾਸੇ ਕੁਝ ਸਾਬਕਾ ਮੰਤਰੀਆਂ ਦੀਆਂ ਫਾਈਲਾਂ ਨੂੰ ਜਾਂਚ ਲਈ ਆਪਣੇ ਕੋਲ ਬੁਲਾਇਆ ਹੋਇਆ ਹੈ ਤਾਂ ਦੂਜੇ ਪਾਸੇ ਹੁਣ ਮੁੱਖ ਮੰਤਰੀ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਮਾਈਨਿੰਗ ਦੇ ਧੰਦੇ ਵਿਚ ਲੱਗੇ ਰਹੇ ਕਈ ਸਾਬਕਾ ਵਿਧਾਇਕਾਂ ਅਤੇ ਕਾਂਗਰਸੀ ਨੇਤਾਵਾਂ ਖ਼ਿਲਾਫ਼ ਵੀ ਜਾਂਚ ਦੇ ਹੁਕਮ ਜਾਰੀ ਕਰ ਸਕਦੀ ਹੈ।

ਮੌਜੂਦਾ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਗ਼ੈਰ-ਕਾਨੂੰਨੀ ਮਾਈਨਿੰਗ ਖਿਲਾਫ ਸ਼ਿਕੰਜਾ ਕੱਸਿਆ ਹੈ ਅਤੇ ਸੂਬੇ ਦੇ ਅਨੇਕਾਂ ਹਿੱਸਿਆਂ ਵਿਚ ਨਾਜਾਇਜ਼ ਮਾਈਨਿੰਗ ਦੇ ਕੰਮ ’ਤੇ ਰੋਕ ਲਾਈ ਹੈ ਪਰ ਪਿਛਲੇ 5 ਸਾਲਾਂ ਵਿਚ ਮਾਈਨਿੰਗ ਤੋਂ ਕਰੋੜਾਂ ਰੁਪਏ ਕਮਾਉਣ ਵਾਲੇ ਨੇਤਾ ਹੁਣ ਲਪੇਟ ਵਿਚ ਆ ਸਕਦੇ ਹਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News