ਪਤੰਗ ਨੇ ਬੁਝਾਇਆ ਘਰ ਦਾ ਚਿਰਾਗ, ਕਰੰਟ ਨੇ ਲਈ ਮਾਸੂਮ ਦੀ ਜਾਨ
Friday, Jan 26, 2018 - 12:35 AM (IST)
ਔੜ, (ਛਿੰਜੀ)- ਬੀਤੇ ਦਿਨ ਪਿੰਡ ਮੀਰਪੁਰ ਲੱਖਾ ਦੇ ਇਕ ਬੱਚੇ ਦੀ ਪਤੰਗ ਚੜ੍ਹਾਉਂਦੇ ਸਮੇਂ ਮੌਤ ਹੋ ਗਈ ਸੀ, ਜਿਸ ਦਾ ਅੱਜ ਭੁੱਬਾਂ ਮਾਰਦੇ ਹੋਏ ਸਮੁੱਚੇ ਪਿੰਡ ਵਾਸੀਆਂ ਵੱਲੋਂ ਪੋਸਟਮਾਰਟਮ ਉਪਰੰਤ ਸਸਕਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਜਸ਼ਨ (10) ਪੁੱਤਰ ਗੁਰਪ੍ਰੀਤ ਵਾਸੀ ਮੀਰਪੁਰ ਲੱਖਾ ਸ਼ਿਵਾਲਿਕ ਸਕੂਲ ਨਵਾਂਸ਼ਹਿਰ ਪੜ੍ਹਦਾ ਸੀ, ਜੋ ਛੁੱਟੀ ਹੋਣ ਸਮੇਂ ਆਪਣੇ ਸਲੋਹ ਰੋਡ ਨਵਾਂਸ਼ਹਿਰ ਵਿਖੇ ਨਾਨਕੇ ਘਰ ਚਲਾ ਗਿਆ। ਉਹ ਕੋਠੇ 'ਤੇ ਪਤੰਗ ਚੜ੍ਹਾਉਣ ਲੱਗਾ ਕਿ ਪਤੰਗ ਨਜ਼ਦੀਕ ਜਾਂਦੀਆਂ 66 ਕੇ.ਵੀ. ਬਿਜਲੀ ਦੀਆਂ ਤਾਰਾਂ 'ਚ ਫਸ ਗਿਆ, ਜਿਸ ਕਾਰਨ ਪਤੰਗ ਦੀ ਡੋਰ ਰਾਹੀਂ ਜ਼ਬਰਦਸਤ ਕਰੰਟ ਆਇਆ ਤੇ ਜਸ਼ਨ ਨੂੰ ਜ਼ੋਰਦਾਰ ਝਟਕਾ ਲੱਗਾ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਜਦੋਂਕਿ ਦੇਖਣ ਵਾਲਿਆਂ ਮੁਤਾਬਕ ਪਤੰਗ ਦੀ ਡੋਰ ਦੇ ਫਸਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਬਹੁਤੇ ਘਰਾਂ ਦੇ ਬਿਜਲੀ ਉਪਕਰਨ ਵੀ ਸੜ ਗਏ। ਜ਼ਿਕਰਯੋਗ ਹੈ ਕਿ ਜਸ਼ਨ ਆਪਣੀ 13 ਸਾਲਾ ਭੈਣ ਦਾ ਇਕਲੌਤਾ ਭਰਾ ਸੀ, ਜਿਸ ਦਾ ਪਿਤਾ ਵਿਦੇਸ਼ 'ਚ ਰਹਿੰਦਾ ਹੈ। ਜਸ਼ਨ ਦੇ ਜਨਮ ਦੀ ਖੁਸ਼ੀ ਵਿਚ ਗੁਰਦੁਆਰਾ ਸਾਹਿਬ ਵਿਖੇ ਸੁੱਖੀ ਗਈ ਸ੍ਰੀ ਅਖੰਡ ਪਾਠ ਸਾਹਿਬ ਦੀ ਸੁੱਖ ਵੀ ਉਸ ਦੇ ਮਾਪਿਆਂ ਇਸ ਸਾਲ ਹੀ ਲਾਹੀ ਸੀ।
