ਮੁੱਖ ਸਕੱਤਰ ਵੱਲੋਂ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਮੁਕੰਮਲ ਕਰਨ ਦੇ ਆਦੇਸ਼, 23 ਮਾਰਚ ਨੂੰ ਖੇਡਿਆ ਜਾਵੇਗਾ IPL ਮੈਚ
Tuesday, Feb 27, 2024 - 06:51 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਨਿਊ ਚੰਡੀਗੜ੍ਹ ਸਥਿਤ ਉਸਾਰੇ ਗਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਲਈ ਇਸ ਦੇ ਨੇੜਲੇ ਖੇਤਰ ’ਚ ਚੱਲ ਰਹੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ’ਚ ਖੇਡਾਂ ਪ੍ਰਤੀ ਬਿਹਤਰ ਅਤੇ ਢੁੱਕਵਾਂ ਬੁਨਿਆਦੀ ਢਾਂਚਾ ਉਸਾਰਨ ਲਈ ਦ੍ਰਿੜ ਹੈ ਅਤੇ ਇਸ ਸਬੰਧੀ ਚੱਲ ਰਹੇ ਕੰਮਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਮੁੱਖ ਸਕੱਤਰ ਵਰਮਾ ਨੇ ਅੱਜ ਇਥੇ ਪੁੱਡਾ, ਗਮਾਡਾ ਦੇ ਅਧਿਕਾਰੀਆਂ ਅਤੇ ਪੰਜਾਬ ਕ੍ਰਿਕਟ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਮੁੱਲਾਂਪੁਰ ਕ੍ਰਿਕਟ ਸਟੇਡੀਅ ਨੇੜਲੇ ਚੱਲ ਰਹੇ ਇੰਜਨੀਅਰਿੰਗ ਅਤੇ ਸਿਵਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਸਾਰੀ ਕੰਮਾਂ ਦੀ ਰਿਪੋਰਟ ਰੋਜ਼ਾਨਾ ਆਧਾਰ ’ਤੇ ਦਿੱਤੀ ਜਾਵੇ ਅਤੇ ਇਸ ਸਬੰਧੀ ਅਗਲੀ ਸਮੀਖਿਆ ਮੀਟਿੰਗ 4 ਮਾਰਚ ਨੂੰ ਹੋਵੇਗੀ।
23 ਮਾਰਚ ਨੂੰ ਇਸ ਸਟੇਡੀਅਮ ’ਚ ਆਈ. ਪੀ. ਐੱਲ. ਦਾ ਮੈਚ ਖੇਡਿਆ ਜਾਵੇਗਾ। ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ, ਉਥੇ ਸ਼ਹਿਰਾਂ ਦੇ ਵਿਕਾਸ ਨੂੰ ਮੁੱਖ ਤਰਜੀਹ ਦੇ ਰਹੀ ਹੈ।
ਇਹ ਵੀ ਪੜ੍ਹੋ : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਇੰਸਪੈਕਟਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਖੇਤਰ ’ਚ ਉਸਾਰੇ ਗਏ ਇਸ ਨਵੇਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਮੈਚ ਖੇਡੇ ਜਾਣ ਨਾਲ ਇਸ ਖੇਤਰ ਦੀ ਹੋਰ ਤਰੱਕੀ ਹੋਵੇਗੀ ਜਿਸ ਲਈ ਇਸ ਸਟੇਡੀਅਮ ਨੂੰ ਜਾਣ ਵਾਲੀਆਂ ਪਹੁੰਚ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸਾਰੀ ਕੰਮਾਂ ’ਚ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
ਮੀਟਿੰਗ ’ਚ ਪੁੱਡਾ ਦੇ ਸੀ. ਏ. ਅਪਨੀਤ ਰਿਆਤ, ਗਮਾਡਾ ਦੇ ਸੀ. ਏ. ਰਾਜੀਵ ਕੁਮਾਰ ਗੁਪਤਾ, ਚੀਫ ਇੰਜਨੀਅਰ ਬਲਵਿੰਦਰ, ਚੀਫ ਟਾਊਨ ਪਲਾਨਰ ਮਨਦੀਪ ਕੌਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪਿੰਡਾਂ ਅਤੇ ਲਾਲ ਲਕੀਰ ਦਾਇਰੇ ’ਚ ਆਉਣ ਵਾਲੀ ਪ੍ਰਾਪਰਟੀ ਦੀ ਰਜਿਸਟਰੀ ’ਤੇ ਨਹੀਂ ਮਿਲੇਗੀ ਐੱਨ. ਓ. ਸੀ. ਤੋਂ ਛੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e