ਜ਼ਖ਼ਮੀ ਨੌਜਵਾਨ ਨੂੰ ਫੌਜੀਆਂ ਨੇ ਪਹੁੰਚਾਇਆ ਹਸਪਤਾਲ

Tuesday, Feb 13, 2018 - 03:19 AM (IST)

ਫ਼ਰੀਦਕੋਟ,   (ਹਾਲੀ)-  ਭਾਰਤੀ ਫ਼ੌਜ ਸਰਹੱਦਾਂ 'ਤੇ ਹੀ ਲੋਕਾਂ ਦੀ ਜੀਵਨ ਰੱਖਿਆ ਨਹੀਂ ਕਰਦੀ ਬਲਕਿ ਸਮਾਜਿਕ ਜੀਵਨ 'ਚ ਵੀ ਲੋਕਾਂ ਦੀ ਜਾਨ ਬਚਾਉਣ 'ਚ ਲੱਗੀ ਹੈ। ਤਾਜ਼ਾ ਉਦਾਹਰਨ ਫ਼ਰੀਦਕੋਟ ਛਾਉਣੀ ਦੀ 2 ਮੀਡੀਅਮ ਰੈਜੀਮੈਂਟ ਨੇ ਪੇਸ਼ ਕੀਤੀ ਹੈ, ਜਿਨ੍ਹਾਂ ਨੇ ਇਕ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾ ਕੇ ਆਪਣੀ ਮਾਨਵਵਾਦੀ ਸੋਚ ਦਾ ਸਬੂਤ ਦਿੱਤਾ ਹੈ। ਇਹ ਜਾਣਕਾਰੀ ਰੈਜੀਮੈਂਟ ਦੇ ਬੁਲਾਰੇ ਨੇ ਦਿੱਤੀ। 
ਬੁਲਾਰੇ ਅਨੁਸਾਰ ਸਾਦਿਕ ਤੋਂ ਫ਼ਿਰੋਜ਼ਪੁਰ ਰੋਡ 'ਤੇ ਬੀਤੀ ਸ਼ਾਮ ਇਕ ਨੌਜਵਾਨ ਦਾ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੋਣ ਕਾਰਨ ਉਹ ਸੜਕ ਕੰਢੇ ਡਿੱਗਿਆ ਹੋਇਆ ਸੀ ਅਤੇ ਲੋਕ ਉਸ ਨੂੰ ਦੇਖ-ਦੇਖ ਕੇ ਅੱਗੇ ਲੰਘ ਰਹੇ ਸਨ। ਲਹੂ-ਲੁਹਾਨ ਹੋਏ ਇਸ ਨੌਜਵਾਨ ਨੂੰ ਜਦੋਂ ਆਪਣੀ ਐਕਸਰਸਾਈਜ਼ ਤੋਂ ਵਾਪਸ ਆ ਰਹੇ ਉਕਤ ਰੈਜੀਮੈਂਟ ਦੇ ਸੂਬੇਦਾਰ ਕਰਮਜੀਤ ਸਿੰਘ ਨੇ ਦੇਖਿਆ ਤਾਂ ਉਸ ਨੇ ਤੁਰੰਤ ਇਹ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਉਪਰੰਤ ਜ਼ਖ਼ਮੀ ਨੌਜਵਾਨ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਮੁੱਢਲੀ ਸਹਾਇਤਾ ਦਿੱਤੀ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਸ਼ਨਾਖ਼ਤ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਰੁਪਾਣਾ ਨਿਵਾਸੀ ਅਧਿਆਪਕ ਰਾਮ ਸਿੰਘ ਵਜੋਂ ਹੋਈ ਹੈ। ਫ਼ੌਜੀ ਅਧਿਕਾਰੀਆਂ ਨੇ ਇਸ ਦੀ ਸ਼ਨਾਖਤ ਉਪਰੰਤ ਪੁਲਸ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਹਸਪਤਾਲ 'ਚ ਰਾਮ ਸਿੰਘ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। 


Related News