ਕਬਜ਼ਿਆਂ ਦੀ ਭੇਟ ਚੜ੍ਹੀ ਗੁਰੂ ਕੀ ਨਗਰੀ ਦੀ ਵਿਰਾਸਤੀ ਦੀਵਾਰ

Monday, Mar 26, 2018 - 06:45 AM (IST)

ਕਬਜ਼ਿਆਂ ਦੀ ਭੇਟ ਚੜ੍ਹੀ ਗੁਰੂ ਕੀ ਨਗਰੀ ਦੀ ਵਿਰਾਸਤੀ ਦੀਵਾਰ

ਅੰਮ੍ਰਿਤਸਰ,  (ਨੀਰਜ)-  ਆਧੁਨਿਕਤਾ ਦੀ ਚਕਾਚੌਂਦ ਅਤੇ ਸਮੇਂ-ਸਮੇਂ 'ਤੇ ਪੰਜਾਬ 'ਚ ਸੱਤਾ ਵਿਚ ਆਉਣ ਵਾਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਗੁਰੂ ਕੀ ਨਗਰੀ ਦੀ ਵਿਰਾਸਤ ਗੁੰਮ ਹੁੰਦੀ ਜਾ ਰਹੀ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਪੰਜਾਬ ਸਰਕਾਰ ਅੰਮ੍ਰਿਤਸਰ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਵਿਰਾਸਤਾਂ ਅਜਿਹੀਆਂ ਵੀ ਹਨ, ਜੋ ਚਾਹ ਕੇ ਵੀ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਉਹ ਲੁਪਤ ਹੋ ਚੁੱਕੀਆਂ ਹਨ। ਇਨ੍ਹਾਂ 'ਚੋਂ ਹੀ ਇਕ ਗੁਰੂ ਕੀ ਨਗਰੀ ਦੀ ਵਿਰਾਸਤੀ ਦੀਵਾਰ ਜਿਸ ਦੇ ਅੰਦਰ ਕਦੇ ਸਾਰਾ ਸ਼ਹਿਰ ਵਸਦਾ ਸੀ, ਅੱਜ ਕਬਜ਼ਿਆਂ ਦੀ ਭੇਟ ਚੜ੍ਹ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਵਿਰਾਸਤੀ ਦੀਵਾਰ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਹਾਲਾਤ ਇਹ ਹਨ ਕਿ ਅੱਜ ਇਸ ਵਿਰਾਸਤੀ ਦੀਵਾਰ ਦੀ ਕੁਝ ਰਹਿੰਦ-ਖੂੰਹਦ ਹੀ ਬਚੀ ਹੈ। ਇਸ 'ਤੇ ਕਈ ਜਗ੍ਹਾ  ਕਬਜ਼ੇ ਕੀਤੇ ਜਾ ਚੁਕੇ ਹਨ।
ਅੰਮ੍ਰਿਤਸਰ ਦੇ ਇਤਿਹਾਸ 'ਤੇ ਨਜ਼ਰ ਪਾਈਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਕਾਲ ਤੋਂ ਹੀ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਅੰਦਰ ਸ਼ਹਿਰ ਵਸਾਇਆ ਗਿਆ ਸੀ, ਜਿਨ੍ਹਾਂ ਨੂੰ ਇਕ ਕੰਧ ਜੋੜਦੀ ਸੀ। ਇਹ ਕੰਧ ਬਾਹਰੀ ਹਮਲਾਵਰਾਂ ਤੋਂ ਬਚਾਉਣ ਲਈ ਬਣਾਈ ਗਈ ਸੀ, ਇਸ ਨੂੰ ਵਿਰਾਸਤੀ ਦੀਵਾਰ ਕਿਹਾ ਜਾਣ ਲੱਗਾ। ਉਂਝ ਵੀ ਇਤਿਹਾਸ 'ਤੇ ਨਜ਼ਰ ਪਾਈਏ ਤਾਂ ਜ਼ਿਆਦਾਤਰ ਵੱਡੇ ਸ਼ਹਿਰਾਂ ਨੂੰ ਬਾਹਰੀ ਹਮਲਾਵਰਾਂ ਤੋਂ ਬਚਾਉਣ ਲਈ ਸ਼ਹਿਰ ਦੇ ਚਾਰੋਂ ਪਾਸੇ ਇਕ ਮਜ਼ਬੂਤ ਕੰਧ ਬਣਾਈ ਜਾਂਦੀ ਸੀ। ਉੱਚੇ ਪਹਾੜਾਂ 'ਤੇ ਕਿਲਿਆਂ ਦੀ ਉਸਾਰੀ ਕੀਤੀ ਜਾਂਦੀ ਸੀ। ਫਿਲਹਾਲ ਅੰਮ੍ਰਿਤਸਰ ਦੀ ਇਸ ਵਿਰਾਸਤੀ ਦੀਵਾਰ ਨੂੰ ਅੱਜ ਪ੍ਰਸ਼ਾਸਨ ਚਾਹ ਕੇ ਵੀ ਵਾਪਸ ਨਹੀਂ ਲਿਆ ਸਕਦਾ ਕਿਉਂਕਿ ਇਸ 'ਤੇ ਮੌਜੂਦਾ ਸਮੇਂ 'ਚ ਲੋਕਾਂ ਦੇ ਮਕਾਨ ਬਣ ਚੁੱਕੇ ਹਨ।
ਸਮਾਰਟ ਸਿਟੀ ਪ੍ਰਾਜੈਕਟ 'ਚ ਇਸ ਕੰਧ ਨੂੰ ਮੁੜ ਬਣਾਉਣ ਦੀ ਯੋਜਨਾ ਨਹੀਂ
ਅੰਮ੍ਰਿਤਸਰ : ਗੁਰੂ ਕੀ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਲਈ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ 'ਚ 500 ਕਰੋੜ ਦੇ ਲਗਭਗ ਖਰਚ ਕੀਤਾ ਜਾ ਰਿਹਾ ਹੈ ਪਰ ਇਸ ਪ੍ਰਾਜੈਕਟ ਵਿਚ ਵੀ ਅੰਮ੍ਰਿਤਸਰ ਦੀ ਵਿਰਾਸਤੀ ਦੀਵਾਰ ਸਬੰਧੀ ਕੋਈ ਯੋਜਨਾ ਨਹੀਂ ਹੈ। ਕੁਝ ਬੁੱਧੀਜੀਵੀਆਂ ਦੀ ਮੰਗ ਹੈ ਕਿ ਵਿਰਾਸਤੀ ਦੀਵਾਰ ਨੂੰ ਵੀ ਵਾਪਸ ਲਿਆਂਦਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਗੁਰੂ ਕੀ ਨਗਰੀ ਦੀ ਕਈ ਸਾਲ ਪੁਰਾਣੀ ਤਸਵੀਰ ਉਭਰ ਕੇ ਸਾਹਮਣੇ ਆ ਸਕਦੀ ਹੈ।
ਹਿਰਦੇ ਪ੍ਰਾਜੈਕਟ 'ਚ ਵੀ ਸਥਾਨ ਨਹੀਂ
ਅੰਮ੍ਰਿਤਸਰ : ਜ਼ਿਲਾ ਪ੍ਰਸ਼ਾਸਨ ਵੱਲੋਂ ਹਿਰਦੇ ਪ੍ਰਾਜੈਕਟ ਤਹਿਤ ਅੰਗਰੇਜ਼ਾਂ ਦੇ ਜ਼ਮਾਨੇ ਦੇ ਡੀ. ਸੀ. ਦਫਤਰ ਸਮੇਤ ਇਤਿਹਾਸਕ ਦਰਵਾਜ਼ਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਪਰ ਵਿਰਾਸਤੀ ਦੀਵਾਰ ਨੂੰ ਇਸ ਪ੍ਰਾਜੈਕਟ ਵਿਚ ਵੀ ਸਥਾਨ ਨਹੀਂ ਦਿੱਤਾ ਗਿਆ। ਲੱਗਦਾ ਹੈ ਕਿ ਪ੍ਰਸ਼ਾਸਨ ਇਸ ਕੰਧ ਦਾ ਨਵੀਨੀਕਰਨ ਕਰਨ ਦੀ ਇੱਛਾ ਹੀ ਨਹੀਂ ਰੱਖਦਾ।


Related News