ਉਦਯੋਗ ਨੂੰ ਵਾਤਾਵਰਣ ਪੱਖੀ ਗੈਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ : ਕੈਪਟਨ

Tuesday, Sep 10, 2019 - 07:06 PM (IST)

ਸੁਲਤਾਨਪੁਰ ਲੋਧੀ,(ਸੋਢੀ): ਉਦਯੋਗ ਨੂੰ ਵਾਤਾਵਰਣ ਪੱਖੀ ਗੈਸ ਦੀ ਵਰਤੋਂ ਵੱਲ ਮੋੜਣ ਦੇ ਉਦੇਸ਼ ਨਾਲ ਇੱਕ ਅਹਿਮ ਫੈਸਲਾ ਲੈਂਦਿਆਂ ਮੰਤਰੀ ਮੰਡਲ ਨੇ ਅੱਜ ਕੁਦਰਤੀ ਗੈਸ 'ਤੇ ਵੈਟ ਦੀ ਦਰ 14.3 ਫੀਸਦੀ ਤੋਂ ਘਟਾ ਕੇ 3.3 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਵੈਟ ਘਟਾਉਣ ਨਾਲ ਸੂਬੇ ਵਿੱਚ ਉਦਯੋਗਿਕ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਸਫ਼ਲਤਾ ਮਿਲੇਗੀ। ਪੰਜਾਬ ਵਿੱਚ ਇਸ ਵੇਲੇ ਕੁਦਰਤੀ ਗੈਸ 'ਤੇ ਵੈਟ ਦੀ ਦਰ 13 ਫੀਸਦੀ + 10 ਫੀਸਦੀ ਸਰਚਾਰਜ ਹੈ, ਜੋ 14.30 ਫੀਸਦੀ ਬਣਦਾ ਹੈ। ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (ਐਨ. ਐਫ. ਐਲ.) ਗੈਸ ਦੀ ਵੱਡੀ ਖਪਤ ਕਰਦਾ ਹੈ, ਜਿਸ ਦੇ ਬਠਿੰਡਾ ਤੇ ਨੰਗਲ ਵਿਖੇ ਸਥਿਤ ਪਲਾਂਟਾਂ 'ਚ ਇਸ ਦੀ ਵਰਤੋਂ ਹੁੰਦੀ ਹੈ। ਚੋਣਵੇਂ ਉਦਯੋਗਾਂ ਤੇ ਟਰਾਂਸਪੋਰਟ ਸੈਕਟਰ ਵੱਲੋਂ ਬਹੁਤ ਥੋੜੀ ਮਾਤਰਾ ਵਿੱਚ ਕੁਦਰਤੀ ਗੈਸ ਦੀ ਖਪਤ ਕੀਤੀ ਜਾਂਦੀ ਹੈ। ਮਾਰਚ 2015 ਤੋਂ ਪਹਿਲਾਂ ਕੁਦਰਤੀ ਗੈਸ 'ਤੇ ਵੈਟ ਦੀ ਦਰ 5.5 ਫੀਸਦੀ + 10 ਫੀਸਦੀ ਸਰਚਾਰਜ ਸੀ ਜੋ 6.05 ਫੀਸਦੀ ਬਣਦਾ ਹੈ। ਮਾਰਚ, 2015 ਤੋਂ ਬਾਅਦ ਕੁਦਰਤੀ ਗੈਸ 'ਤੇ ਵੈਟ ਦੀ ਦਰ 6.05 ਫੀਸਦੀ ਤੋਂ ਵਧ ਕੇ 14.3 ਫੀਸਦੀ ਹੋ ਗਈ। ਵੈਟ ਦੀ ਦਰ 'ਚ ਵਾਧਾ ਹੋਣ ਨਾਲ ਐਨ. ਐਫ. ਐਲ. ਨੇ ਕੁਦਰਤੀ ਗੈਸ ਦੀ ਅੰਤਰਰਾਜੀ ਬਿਗ ਸ਼ੁਰੂ ਕਰ ਦਿੱਤੀ ਸੀ। ਜਿਸ ਨਾਲ
ਕੁਦਰਤੀ ਗੈਸ 'ਤੇ ਵੈਟ ਤੋਂ ਮਾਲੀਆ ਘੱਟ ਗਿਆ ਸੀ। ਸਾਲ 2014-15 ਤੋਂ ਲੈ ਕੇ 2018-19 ਦੇ ਸਾਲਾਂ ਦੌਰਾਨ ਕੁਦਰਤੀ ਗੈਸ 'ਤੇ ਵੈਟ ਦੀ ਵਸੂਲੀ 105.77 ਕਰੋੜ ਰੁਪਏ ਤੋਂ ਘਟ ਕੇ 5.67 ਕਰੋੜ ਰੁਪਏ ਰਹਿ ਗਈ ਸੀ, ਜੋ ਸਾਲ 2019-20 ਦੇ ਵਿੱਤੀ ਵਰੇ ਦੌਰਾਨ ਹੋਰ ਵੀ ਘਟ ਕੇ ਜੂਨ, 2019 ਤੱਕ 1.84 ਕਰੋੜ ਰੁਪਏ ਰਹਿ ਗਈ।
ਦੱਸਣਯੋਗ ਹੈ ਕਿ ਐਨ.ਐਫ.ਐਲ. ਵੱਲੋਂ ਗੁਜਰਾਤ ਤੋਂ ਹਰੇਕ ਮਹੀਨੇ 300 ਕਰੋੜ ਰੁਪਏ ਦੀ ਕੁਦਰਤੀ ਗੈਸ ਖਰੀਦੀ ਜਾ ਰਹੀ ਹੈ ਅਤੇ 15 ਫੀਸਦੀ ਦੀ ਦਰ ਦੇ ਹਿਸਾਬ ਨਾਲ ਕੇਂਦਰੀ ਸੂਬਾਈ ਟੈਕਸ ਦਾ 45 ਕਰੋੜ ਰੁਪਏ ਉਸ ਸੂਬੇ ਨੂੰ ਅਦਾ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਵੱਲੋਂ ਅੱਜ ਲਏ ਫੈਸਲੇ ਬਾਰੇ ਵਿਸਥਾਰ ਵਿੱਚ ਦੱਸਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁਦਰਤੀ ਗੈਸ 'ਤੇ ਵੈਟ ਦੀ ਦਰ ਘਟਣ ਨਾਲ ਕੁਦਰਤੀ ਗੈਸ ਸਪਲਾਈ ਕਰਨ ਵਾਲਾ ਐਨ.ਐਫ.ਐਲ. ਨੂੰ ਕੁਦਰਤੀ ਗੈਸ ਦੀ ਬਿਗ ਪੰਜਾਬ ਤੋਂ ਸ਼ੁਰੂ ਕਰ ਸਕਦਾ ਹੈ ਜਿਸ ਨਾਲ ਕੁਦਰਤੀ ਗੈਸ 'ਤੇ ਪੰਜਾਬ ਦੀ ਵਸੂਲੀ ਹੋਰ ਵੱਧ ਸਕਦੀ ਹੈ ।


Bharat Thapa

Content Editor

Related News