ਫਗਵਾੜਾ ''ਚ ਬੇਅਦਬੀ ਦੇ ਮਾਮਲੇ ''ਚ ਕਤਲ ਹੋਏ ਨੌਜਵਾਨ ਦੀ ਹੋਈ ਪਛਾਣ! ਸ਼ਹਿਰ ਨਾਲ ਰਹਿ ਚੁੱਕੈ ਪੁਰਾਣਾ ਰਿਸ਼ਤਾ

Thursday, Jan 18, 2024 - 05:19 AM (IST)

ਫਗਵਾੜਾ ''ਚ ਬੇਅਦਬੀ ਦੇ ਮਾਮਲੇ ''ਚ ਕਤਲ ਹੋਏ ਨੌਜਵਾਨ ਦੀ ਹੋਈ ਪਛਾਣ! ਸ਼ਹਿਰ ਨਾਲ ਰਹਿ ਚੁੱਕੈ ਪੁਰਾਣਾ ਰਿਸ਼ਤਾ

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਬੰਸਾਵਾਲਾ ਬਾਜ਼ਾਰ (ਚੌੜਾ ਖੂਹ ਇਲਾਕੇ) ਵਿਚ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਬੇਅਦਬੀ ਕਰਨ ਦੇ ਸ਼ੱਕ ਵਿਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਗਏ ਅਣਪਛਾਤੇ ਨੌਜਵਾਨ ਦੀ ਸ਼ਨਾਖ਼ਤ ਫਗਵਾੜਾ ਪੁਲਸ ਵੱਲੋਂ ਕਰ ਲਈ ਗਈ ਹੈ। ਜ਼ਿਲ੍ਹਾ ਕਪੂਰਥਲਾ ਦੀ ਐੱਸ.ਐੱਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਕਪੂਰ ਵਜੋਂ ਹੋਈ ਹੈ। ਉਸ ਦਾ ਜਨਮ ਪੱਛਮਪੁਰੀ, ਨਵੀਂ ਦਿੱਲੀ ਵਿਚ ਹੋਇਆ ਸੀ ਅਤੇ ਉਸਦੇ ਪਿਤਾ ਦਾ ਨਾਮ ਦਵਿੰਦਰ ਕਪੂਰ ਹੈ।

ਉਨ੍ਹਾਂ ਦੇ ਪਿਤਾ ਦਵਿੰਦਰ ਕਪੂਰ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਵਿਸ਼ਾਲ ਕਪੂਰ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ’ਚ ਕਰੀਬ 8 ਤੋਂ 10 ਸਾਲ ਤੱਕ ਲਗਾਤਾਰ ਫਗਵਾੜਾ ’ਚ ਹੀ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਦਿੱਲੀ ਚਲਾ ਗਿਆ ਅਤੇ ਕੁਝ ਸਮੇਂ ਲਈ ਉਥੇ ਰਿਹਾ ਹੈ। ਆਪਣੀ ਦਾਦੀ ਦੀ ਮੌਤ ਤੋਂ ਬਾਅਦ, ਉਹ ਸੜਕਾਂ ’ਤੇ ਬੇਸਹਾਰਾ ਵਜੋਂ ਰਹਿੰਦਾ ਸੀ, ਜਿੱਥੇ ਉਸਨੂੰ ਨਵੀਂ ਦਿੱਲੀ ਦੇ ਇਕ ਐੱਨ.ਜੀ.ਓ. ਵੱਲੋਂ ਅਪਣਾ ਲਿਆ ਗਿਆ ਸੀ ਪਰ ਉੱਥੇ ਵੀ ਉਹ ਜ਼ਿਆਦਾ ਦੇਰ ਨਹੀਂ ਰਹਿ ਸਕਿਆ।

ਇਹ ਵੀ ਪੜ੍ਹੋ- ਲੁਧਿਆਣਾ ਰੇਲਵੇ ਸਟੇਸ਼ਨ ਦੀ ਡਿਸਪਲੇ ਹੋਈ ਖ਼ਰਾਬ, ਯਾਤਰੀਆਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਸੂਤਰ ਦੱਸਦੇ ਹਨ ਕਿ ਮ੍ਰਿਤਕ ਵਿਸ਼ਾਲ ਕਪੂਰ ਦਾ ਫਗਵਾੜਾ ਨਾਲ ਡੂੰਘਾ ਰਿਸ਼ਤਾ ਹੈ। ਸੂਤਰ ਦਾਅਵਾ ਕਰ ਰਹੇ ਹਨ ਕਿ ਉਸ ਦਾ ਪਰਿਵਾਰਕ ਪਿਛੋਕੜ ਫਗਵਾੜਾ ਨਾਲ ਸਬੰਧਤ ਹੈ। ਉਹ ਇੱਥੇ ਹੀ ਵੱਡਾ ਹੋਇਆ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਪੁਲਸ ਇਸ ਤੱਥ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਉਹ ਫਗਵਾੜਾ ’ਚ ਕਿੱਥੇ ਰਹਿੰਦਾ ਸੀ। ਇਸ ਦੇ ਨਾਲ ਹੀ ਵੱਡਾ ਸਵਾਲ ਇਹ ਹੈ ਕਿ ਉਹ ਕਿਸ ਦੇ ਸੱਦੇ ਅਤੇ ਕਹਿਣ ’ਤੇ ਹੁਣ ਦੁਬਾਰਾ ਫਗਵਾੜਾ ਆਇਆ ਸੀ? ਇਸ ਦੇ ਪਿੱਛੇ ਕੌਣ ਹੈ? ਸੂਤਰਾਂ ਮੁਤਾਬਕ ਮ੍ਰਿਤਕ ਵਿਸ਼ਾਲ ਕਪੂਰ ਦਾ ਸੋਨੀਪਤ ਨਾਲ ਵੀ ਡੂੰਘਾ ਸਬੰਧ ਹੈ।

ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਫਗਵਾੜਾ ਪੁਲਸ ਨੂੰ ਕੁਝ ਫੋਨ ਨੰਬਰ ਵੀ ਮਿਲੇ ਹਨ। ਫੋਨ ਨੰਬਰ ਮਿਲਣ ਦੀ ਅਧਿਕਾਰਤ ਪੁਸ਼ਟੀ ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਵੀ ਬੀਤੇ ਦਿਨ ਪ੍ਰੈੱਸ ਕਾਨਫਰੰਸ ’ਚ ਕੀਤੀ ਹੈ। ਢਿੱਲੋਂ ਨੇ ਕਿਹਾ ਸੀ ਕਿ ਪੁਲਸ 24 ਘੰਟਿਆਂ ਦੇ ਅੰਦਰ ਮਾਰੇ ਗਏ ਅਣਪਛਾਤੇ ਨੌਜਵਾਨ ਦੀ ਪਛਾਣ ਕਰ ਲਵੇਗੀ ਅਤੇ ਅਸਲ ’ਚ ਹੁਣ ਬਿਲਕੁਲ ਅਜਿਹਾ ਹੀ ਹੋਇਆ ਹੈ।

ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਮ੍ਰਿਤਕ ਵਿਸ਼ਾਲ ਕਪੂਰ ਮੌਜੂਦਾ ਸਮੇਂ ’ਚ ਸੋਨੀਪਤ ਦੇ ਇਕ ਅਨਾਥ ਆਸ਼ਰਮ ਵਿਚ ਰਹਿੰਦਾ ਸੀ ਅਤੇ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਸੂਤਰ ਦਾਅਵਾ ਕਰ ਰਹੇ ਹਨ ਕਿ ਪੁਲਸ ਟੀਮਾਂ ਵੀ ਉਕਤ ਅਨਾਥ ਆਸ਼ਰਮ ਪਹੁੰਚ ਗਈਆਂ ਹਨ ਅਤੇ ਉਥੇ ਦਾ ਰਿਕਾਰਡ ਵੀ ਆਪਣੇ ਨਾਲ ਲੈ ਕੇ ਆਈਆਂ ਹਨ। ਸੂਤਰਾਂ ਮੁਤਾਬਕ ਜਿਨਾਂ ਫੋਨ ਨੰਬਰਾਂ ਦਾ ਜ਼ਿਕਰ ਹੁੰਦਾ ਰਿਹਾ ਹੈ, ਉਹ ਹਰਿਆਣਾ ਤੋਂ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਇਕ ਨੰਬਰ ਸੋਨੀਪਤ ਦੇ ਇਕ ਅਨਾਥ ਆਸ਼ਰਮ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੂਨੀ ਸਵੀਟ ਸ਼ਾਪ ਲੁੱਟਣ ਆਏ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ CCTV 'ਚ ਹੋਈ ਕੈਦ

ਉਥੇ ਹੀ ਜਦੋਂ ਐੱਸ.ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਤੋਂ ਇਨਾਂ ਤੱਥਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਕਿਹਾ ਹੈ ਕਿ ਬਹੁਤ ਜਲਦੀ ਪੁਲਸ ਕਈ ਹੋਰ ਵੱਡੇ ਖੁਲਾਸੇ ਕਰਨ ਜਾ ਰਹੀ ਹੈ। ਪੁਲਸ ਜਾਂਚ ਜਾਰੀ ਹੈ। ਸੂਤਰਾਂ ਅਨੁਸਾਰ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਈ ਸਾਲ ਪਹਿਲਾਂ ਫਗਵਾੜਾ ਵਿਚ ਰਹਿਣ ਵਾਲਾ ਮ੍ਰਿਤਕ ਵਿਸ਼ਾਲ ਕਪੂਰ ਅਚਾਨਕ ਇੱਥੇ ਕਿਵੇਂ ਆ ਗਿਆ। ਇਸ ਦੇ ਪਿੱਛੇ ਕੀ ਰਾਜ਼ ਰਿਹਾ ਹੈ ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਫਗਵਾੜਾ ਕਿਉਂ ਅਤੇ ਕਿਵੇਂ ਆਈਆ ਹੈ ਅਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਿਵੇਂ ਪੁੱਜਾ, ਜੋ ਸ਼ਹਿਰ ਦੇ ਬਹੁਤ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਹੈ। ਇਸ ਲਿੰਕ ਨੂੰ ਜੋੜਨ ਲਈ ਪੁਲਸ ਟੀਮਾਂ ਵਲੋਂ ਕਈ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ।

ਵੱਡਾ ਰਾਜ਼ ਇਹ ਹੈ ਕਿ ਉਹ ਉਸ ਆਖਰੀ ਵੀਡੀਓ ਵਿਚ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ ਮੰਗੂ ਮਠ ਦੇ ਸਾਹਮਣੇ ਇਕ ਵਿਅਕਤੀ ਦਾ ਜ਼ਿਕਰ ਕਰ ਰਿਹਾ ਹੈ, ਜਿਸ ਨੂੰ ਉਹ ਸੁੱਖੀ ਕਹਿ ਰਿਹਾ ਸੀ ਅਤੇ ਉਹ 'ਤੁਸੀਂ' ਅਤੇ 'ਤੁਹਾਡੇ' ਸ਼ਬਦਾਂ ਦੀ ਵਰਤੋਂ ਕਰਨ ਦਾ ਜ਼ਿਕਰ ਕਿਸ ਨੂੰ ਕਹਿ ਕੇ ਕਰ ਰਿਹਾ ਹੈ? ਇਹ ਇਕ ਡੂੰਘਾ ਰਾਜ਼ ਹੈ, ਜੋ ਅਜੇ ਵੀ ਵੱਡੀ ਪਹੇਲੀ ਬਣਿਆ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News