ਨਿਗਮ ਦੇ ਵਾਰਡ 49 ''ਚ ਆਵਾਰਾ ਕੁੱਤਿਆਂ ਦੀ ਦਹਿਸ਼ਤ

Wednesday, Aug 02, 2017 - 02:47 PM (IST)

ਨਿਗਮ ਦੇ ਵਾਰਡ 49 ''ਚ ਆਵਾਰਾ ਕੁੱਤਿਆਂ ਦੀ ਦਹਿਸ਼ਤ

ਅੰਮ੍ਰਿਤਸਰ - ਨਗਰ ਨਿਗਮ ਅਧੀਨ ਆਉਂਦੇ ਵਾਰਡ 49 ਦੇ ਇਲਾਕੇ ਕਟੜਾ ਮੋਤੀ ਰਾਮ ਅਤੇ ਬਾਬੇ ਵਾਲੇ ਖੂਹ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਹੈ। ਨਿਗਮ ਦੀ ਲਾਪ੍ਰਵਾਹੀ ਕਾਰਨ ਆਵਾਰਾ ਕੁੱਤੇ ਰੋਜ਼ਾਨਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਕੁੱਤਿਆਂ ਦੀ ਲੋਕਾਂ ਵਿਚ ਇੰਨੀ ਦਹਿਸ਼ਤ ਹੈ ਕਿ ਰਾਤ 9 ਵਜੇ ਤੋਂ ਬਾਅਦ ਗਲੀ-ਮੁਹੱਲੇ 'ਚੋਂ ਲੋਕ ਬਾਹਰ ਇਕੱਲੇ ਨਹੀਂ ਆਉਂਦੇ ਹਨ।
ਉੱਘੇ ਸਮਾਜ ਸੇਵਕ ਤੇ ਰੋਟਰੀ ਕਲੱਬ ਦੇ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਅੱਜ ਕਟੜਾ ਮੋਤੀ ਰਾਮ ਦੇ ਵਸਨੀਕ ਸੁਨੀਲਾ ਨੂੰ ਆਵਾਰਾ ਕੁੱਤਿਆਂ ਨੇ ਇਕੱਲੀ ਵੇਖ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਪਹਿਲਾਂ ਮੁਹੱਲੇ ਦੇ ਦਰਜਨਾਂ ਲੋਕਾਂ ਨੂੰ ਆਵਾਰਾ ਕੁੱਤੇ ਵੱਢ ਚੁੱਕੇ ਹਨ। ਕੁੱਤਿਆਂ ਦੀ ਇੰਨੀ ਦਹਿਸ਼ਤ ਹੈ ਕਿ ਲੋਕ ਘਰੋਂ ਇਕੱਲੇ ਰਾਤ ਅਤੇ ਦਿਨ ਸਮੇਂ ਬਾਹਰ ਨਹੀਂ ਜਾਂਦੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਦੇ ਹਨ। ਉਨ੍ਹਾਂ ਦੱਸਿਆ ਕਿ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਨਕੇਲ ਪਾਉਣ ਲਈ ਅਪੀਲ ਕੀਤੀ ਗਈ ਹੈ ਪਰ ਉਨ੍ਹਾਂ ਦੀ ਨਾਲਾਇਕੀ ਅਤੇ ਨਿਗਮ 'ਚ ਢਿੱਲੇ ਪ੍ਰਸ਼ਾਸਨ ਕਾਰਨ ਅੱਜ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਲੋਕ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਜਦੋਂ ਮਰਜ਼ੀ ਕਟੜਾ ਮੋਤੀ ਰਾਮ ਅਤੇ ਬੰਬੇ ਵਾਲੇ ਖੂਹ ਜਾ ਕੇ ਦੇਖ ਲਓ ਕੁੱਤੇ ਝੁੰਡ ਬਣਾ ਕੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਨੇ ਜਲਦ ਕੁੰਭਕਰਨੀ ਨੀਂਦ ਤੋਂ ਜਾਗਦਿਆਂ ਕੋਈ ਹੱਲ ਨਾ ਕੱਢਿਆ ਤਾਂ ਕਦੇ ਵੀ ਕਿਸੇ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।


Related News