ਲੁਧਿਆਣਾ : ਸਕਾਈ ਲਾਈਨ ਹੌਜਰੀ 'ਚ ਲੱਗੀ ਭਿਆਨਕ ਅੱਗ (ਤਸਵੀਰਾਂ)
Tuesday, Oct 24, 2017 - 09:57 AM (IST)

ਲੁਧਿਆਣਾ (ਨਰਿੰਦਰ) — ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਦੇ ਪਿੱਛੇ ਰੰਜੀਤ ਸਿੰਘ ਪਾਰਕ ਇਲਾਕੇ 'ਚ ਸਥਿਤ ਮਿੰਟੂ ਹੌਜਰੀ ਫੈਕਟਰੀ 'ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਕੀਮਤ ਨਾਲ ਤਿਆਰ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਦੇ ਅੰਦਰ ਗਰਮ ਕੱਪੜੇ ਦੀ ਮੈਨਿਊਫਕੇਚਰਿੰਗ ਕੀਤੀ ਜਾਂਦੀ ਸੀ। ਚਾਰ ਮੰਜ਼ਿਲਾਂ ਬਣੀ ਇਸ ਫੈਕਟਰੀ ਦੀ ਹਰੇਕ ਮੰਜ਼ਿਲ 'ਤੇ ਰੱਖਿਆ ਮਾਲ ਅੱਗ ਦੀ ਲਪੇਟ 'ਚ ਆ ਚੁੱਕਾ ਹੈ, ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਗਨੀਮਤ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਅਜੇ ਸਪਸ਼ੱਟ ਨਹੀਂ ਹੋ ਪਾਇਆ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇਗੀ ਪਰ ਅਜੇ ਇਹ ਜਾਂਚ ਜਾ ਵਿਸ਼ਾ ਹੈ।
ਜਾਣਕਾਰੀ ਮੁਤਾਬਕ ਇਹ ਅੱਗ ਸਵੇਰੇ ਕਰੀਬ 6 ਵਜੇ ਲੱਗੀ ਦੱਸੀ ਜਾ ਰਹੀ ਹੈ ਤੇ ਇਸ ਅੱਗ ਦੀ ਸੂਚਨਾ ਮਿਲਣ ਦੇ ਕੁਝ ਹੀ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਘਟਨਾ ਕਾਰਨ ਹੋਏ ਕੁਲ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਨੁਕਸਾਨ ਲੱਖਾਂ ਤੋਂ ਕਰੋੜਾਂ 'ਚ ਪਹੁੰਚ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਤੇ ਅਜੇ ਤਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸਭ ਤੋਂ ਪਹਿਲਾਂ ਹੇਠਲੀ ਮੰਜ਼ਿਲ 'ਤੇ ਅੱਗ ਲੱਗੀ ਤੇ ਬਾਅਦ 'ਚ ਇਸ ਅੱਗ ਨੇ ਪੂਰੀ ਦੀ ਪੂਰੀ ਫੈਕਟਰੀ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ।