ਪੀ. ਐੱਸ. ਯੂ. ਦੇ ਧਰਨੇ ਦੌਰਾਨ ਗਰਮੀ ਕਾਰਨ ਵਿਦਿਆਰਥਣ ਦੀ ਹਾਲਤ ਹੋਈ ਖ਼ਰਾਬ

Tuesday, Jul 31, 2018 - 04:03 AM (IST)

ਪੀ. ਐੱਸ. ਯੂ. ਦੇ ਧਰਨੇ ਦੌਰਾਨ ਗਰਮੀ ਕਾਰਨ ਵਿਦਿਆਰਥਣ ਦੀ ਹਾਲਤ ਹੋਈ ਖ਼ਰਾਬ

ਫ਼ਰੀਦਕੋਟ,  (ਹਾਲੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਥਾਣਾ ਸਿਟੀ ਫ਼ਰੀਦਕੋਟ ਅੱਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅੱਤ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ’ਚ ਇਸ ਦੌਰਾਨ ਧਰਨੇ ’ਚ ਬੈਠੀ ਇਕ ਵਿਦਿਆਰਥਣ ਦੀ ਹਾਲਤ ਖ਼ਰਾਬ ਹੋ ਗਈ ਹੈ, ਜੋ ਕਿ ਇਸ ਵੇਲੇ ਸਿਵਲ ਹਸਪਤਾਲ ਫ਼ਰੀਦਕੋਟ ਦਾਖ਼ਲ ਹੈ। 
ਇਸ ਸਮੇਂ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਅਤੇ ਕੇਸ਼ਵ ਅਾਜ਼ਾਦ ਨੇ ਕਿਹਾ ਕਿ ਥਾਣਾ ਕੋਤਵਾਲੀ ਅੱਗੇ ਵਿਦਿਆਰਥੀ ਕਈ ਦਿਨਾਂ ਤੋਂ ਅੱਤ ਦੀ ਗਰਮੀ ’ਚ ਧਰਨੇ ’ਤੇ ਬੈਠੇ ਹੋਏ ਹਨ। ਧਰਨੇ ਵਾਲੀ ਜਗ੍ਹਾ ’ਤੇ ਰਾਤ ਨੂੰ ਬਹੁਤ ਜ਼ਿਆਦਾ ਮੱਛਰ ਹੁੰਦਾ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੱਖੇ ਚਲਾਉਣ ਲਈ ਕਿਸੇ ਵੀ ਤਰ੍ਹਾਂ ਦਾ ਬਿਜਲੀ ਕੁਨੈਕਸ਼ਨ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਲਈ ਨਾ ਚੰਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਕਿਸੇ ਹੋਰ ਸਿਹਤ ਸਹੂਲਤ ਦਾ ਪ੍ਰਬੰਧ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਅੱਜ ਇਕ ਵਿਦਿਆਰਥਣ ਦੀ ਹਾਲਤ ਖ਼ਰਾਬ ਹੋ ਗਈ, ਜਿਸ ਕਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਉਣਾ ਪਿਆ। 
ਆਗੂਆਂ ਨੇ ਕਿਹਾ ਕਿ ਅੱਜ 14 ਜਥੇਬੰਦੀਆਂ, ਜਿਨ੍ਹਾਂ ’ਚ ਜ਼ਮਹੂਰੀ ਅਧਿਕਾਰ ਸਭਾ, ਭਾਰਤੀ ਵਾਲਮੀਕਿ ਸਮਾਜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਗੁਰੂ ਰਵਿਦਾਸ ਸੋਸਾਇਟੀ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ਗਰੁੱਪ), ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦਾ ਵਫ਼ਦ ਡੀ. ਸੀ. ਫਰੀਦਕੋਟ ਨੂੰ ਮਿਲਿਆ ਅਤੇ ਇਸ ਮਸਲੇ ਨੂੰ ਜਲਦ ਹੱਲ ਕਰਵਾਉਣ ਦੀ ਗੱਲ ਕਹੀ। 
ਇਸ ਸਮੇਂ ਆਗੂਆਂ ਨੇ ਐਲਾਨ ਕੀਤਾ ਕਿ 2 ਅਗਸਤ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ’ਚ ਇਕੱਠ ਕਰ ਕੇ ਵਿਦਿਆਰਥੀਆਂ ਦੀਆਂ ਫੀਸਾਂ ਵਾਲੇ ਮਸਲੇ ਦਾ ਹੱਲ ਕਰਵਾਉਣ ਲਈ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। 
 


Related News