ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

Saturday, May 11, 2024 - 07:38 PM (IST)

ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਅੰਮ੍ਰਿਤਸਰ (ਦਲਜੀਤ)-ਸੂਰਜ ਦੇਵਤਾ ਅੱਗ ਉਗਲ ਰਿਹਾ ਹੈ। ਮਈ ਦੀ ਸ਼ੁਰੂਆਤ ’ਚ ਹੀ ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਦਾ ਤਾਪਮਾਨ 42 ਡਿਗਰੀ ਤੋਂ ਪਾਰ ਕਰ ਗਿਆ ਹੈ। ਬੱਚੇ ਅਤੇ ਬਜ਼ੁਰਗ ਤਾਂ ਪੈ ਰਹੀ ਭਿਆਨਕ ਗਰਮੀ ਕਾਰਨ ਹਾਲੋ ਬੇਹਾਲ ਹੋ ਰਹੇ ਹਨ। ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਗਰਮੀਆਂ ’ਚ ਜ਼ਰੂਰਤ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ, ਨਾਲ ਹੀ ਇਸ ਐਡਵਾਈਜ਼ਰੀ ’ਚ ਅਧਿਆਪਕਾਂ ਅਤੇ ਬੱਚਿਆਂ ਨੂੰ ਸਹੀ ਢੰਗ ਦੇ ਕੱਪੜੇ ਪਾਉਣ ਅਤੇ ਗਰਮੀ ਤੋਂ ਬਚਣ ਦੇ ਤੌਰ-ਤਰੀਕੇ ਦੱਸੇ ਗਏ ਹਨ। ਸਵੇਰ ਦੀ ਸਭਾ ਅਤੇ ਸਰੀਰਕ ਸਿੱਖਿਆ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਵੱਲੋਂ ਇਸ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਗਰਮੀ ਆਉਣ ਵਾਲੇ ਸਮੇਂ ’ਚ ਹੋਰ ਜ਼ਿਆਦਾ ਵਧ ਸਕਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰੀਰ ’ਚ ਪਾਣੀ ਦੀ ਘਾਟ ਨਾ ਆਵੇ, ਇਸ ਦੇ ਲਈ ਓ. ਆਰ. ਐੱਸ. ਦਾ ਘੋਲ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਪੀਂਦੇ ਰਹਿਣਾ ਚਾਹੀਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਬਾਹਰ ਜਾਣ ਸਮੇਂ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਘਰੋਂ ਬਾਹਰ ਨਿਕਲਦੇ ਸਮੇਂ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢਕੋ। ਟੋਪੀ ਅਤੇ ਛੱਤਰੀ ਦੀ ਵਰਤੋਂ ਕਰੋ। ਅੱਖਾਂ ਦੀ ਸੁਰੱਖਿਆ ਲਈ ਐਨਕਾਂ ਅਤੇ ਸਕਿੱਨ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ

ਸਿਵਲ ਸਰਜਨ ਨੇ ਕਿਹਾ ਕਿ ਦਿਲ ਦੇ ਮਰੀਜ਼ਾਂ ਅਤੇ ਹੋਰਨਾਂ ਬੀਮਾਰੀਆਂ ਦੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਵੀ ਇਨ੍ਹਾਂ ਦਿਨਾਂ ’ਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਆਪਣੇ ਨਜ਼ਦੀਕੀ ਦੇ ਸਰਕਾਰੀ ਹਸਪਤਾਲ ’ਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ’ਚ ਡੇਂਗੂ ਅਤੇ ਮਲੇਰੀਆ ਮੱਛਰ ਲਈ ਵੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਕਿ ਦਿਹਾਤੀ ਅਤੇ ਸ਼ਹਿਰੀ ਖੇਤਰ ’ਚ ਛਿੜਕਾਅ ਕਰ ਰਹੀਆਂ ਹਨ। ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਵੀ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਸਮੂਹ ਸਕੂਲਾਂ ਨੂੰ ਵੀ ਪੱਤਰ ਜਾਰੀ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News