ਪੁਲਸ ਫੋਰਸ ਦੀ ਚੱਪੇ-ਚੱਪੇ ''ਤੇ ਰਹੇਗੀ ਬਾਜ ਅੱਖ

Monday, Apr 02, 2018 - 06:09 AM (IST)

ਅੰਮ੍ਰਿਤਸਰ,  (ਅਰੁਣ)-   ਐੱਸ. ਸੀ./ਐੱਸ. ਟੀ. ਐਕਟ 'ਚ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ਮੁੱਖ ਰੱਖਦਿਆਂ ਦਲਿਤ ਭਾਈਚਾਰੇ ਅਤੇ ਐੱਸ. ਸੀ. ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਮੱਦੇਨਜ਼ਰ ਸੁਰੱਖਿਆ ਪਹਿਲੂ ਨੂੰ ਧਿਆਨ 'ਚ ਰੱਖਦਿਆਂ ਜ਼ਿਲਾ ਪੁਲਸ ਨੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਦੌਰਾਨ ਸ਼ਹਿਰਵਾਸੀਆਂ ਨੂੰ ਭੈਅ-ਮੁਕਤ ਕਰਨ ਲਈ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅੱਜ ਬਾਅਦ ਦੁਪਹਿਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿਚ ਪੁਲਸ ਫੋਰਸ ਦੀਆਂ ਵੱਖ-ਵੱਖ ਟੁਕੜੀਆਂ ਨੇ ਫਲੈਗ ਮਾਰਚ ਕੱਢਦਿਆਂ ਸ਼ਹਿਰਵਾਸੀਆਂ ਤੇ ਕਾਰੋਬਾਰੀਆਂ ਨੂੰ ਪੁਲਸ ਵੱਲੋਂ ਕੀਤੇ ਗਏ ਪੁਖਤਾ ਸੁਰੱਖਿਆ ਪ੍ਰਬੰਧ ਕਾਰਨ ਭੈਅ-ਮੁਕਤ ਕੀਤੇ ਜਾਣ ਦਾ ਹੀਲਾ ਕੀਤਾ। ਪੂਰੇ ਸ਼ਹਿਰ ਵਿਚ ਪੁਲਸ ਫੋਰਸ ਦੀ ਚੱਪੇ-ਚੱਪੇ 'ਤੇ ਬਾਜ ਅੱਖ ਰਹੇਗੀ।
ਸੁਰੱਖਿਆ ਪ੍ਰਬੰਧਾਂ ਬਾਰੇ ਬੋਲਦਿਆਂ ਏ. ਡੀ. ਸੀ. ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਭਾਰਤ ਬੰਦ ਦੇ ਇਸ ਸੱਦੇ ਨੂੰ ਲੈ ਕੇ 750 ਅਡੀਸ਼ਨਲ ਫੋਰਸ ਦੇ ਜਵਾਨ ਤੇ 2800 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਕਿ ਹਰੇਕ ਸੰਵੇਦਨਸ਼ੀਲ ਲਾਂਘੇ 'ਤੇ ਆਪਣੀ ਬਾਜ ਅੱਖ ਟਿਕਾਈ ਰੱਖਣਗੇ।
ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ 'ਤੇ ਵਧਾਈ ਚੌਕਸੀ
ਯਾਤਰੀਆਂ ਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਰੱਖਣ ਦਾ ਹਵਾਲਾ ਦਿੰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਵਿਚ ਅਮਨ-ਸ਼ਾਂਤੀ ਨੂੰ ਯਕੀਨੀ ਬਣਾਏ ਰੱਖਣ ਲਈ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ 'ਤੇ ਪੁਲਸ ਦੇ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਹਨ।
ਉੱਡਣ ਦਸਤੇ ਤੇ ਸਿਵਲ ਵਰਦੀ 'ਚ ਰਹੇਗੀ ਪੁਲਸ ਦੀ ਗਸ਼ਤ
ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਸੰਵੇਦਨਸ਼ੀਲ ਇਲਾਕਿਆਂ 'ਚ ਸਿਵਲ ਵਰਦੀਧਾਰੀ ਮੁਲਾਜ਼ਮ ਸੁਰੱਖਿਆ ਨੂੰ ਯਕੀਨੀ ਬਣਾਉਣਗੇ, ਜਦਕਿ ਉੱਡਣ ਦਸਤੇ ਦੇ ਵਾਹਨ ਆਪਣੇ ਸਬ-ਡਵੀਜ਼ਨ ਅਧਿਕਾਰੀ ਨਾਲ ਸੰਪਰਕ ਬਣਾਈ ਰੱਖਣਗੇ।
ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ : ਡੀ. ਐੱਸ. ਪੀ. ਢਿੱਲੋਂ
ਅਜਨਾਲਾ, (ਰਮਨਦੀਪ)- ਕੁਝ ਦਿਨ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਦੁਆਰਾ ਐੱਸ. ਸੀ./ਐੱਸ. ਟੀ. ਐਕਟ 'ਚ ਸੋਧ ਕੀਤੇ ਜਾਣ ਦੇ ਹੁਕਮਾਂ ਖਿਲਾਫ ਦਲਿਤ ਭਾਈਚਾਰੇ ਵੱਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦੇ ਫੈਸਲੇ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਘਟਨਾ ਨਾ ਵਾਪਰੇ, ਨੂੰ ਰੋਕਣ ਲਈ ਅੱਜ ਸਬ-ਡਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਰਵਿੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਦੀ ਭਾਰੀ ਪੁਲਸ ਫੋਰਸ ਵੱਲੋਂ ਸਥਾਨਕ ਸ਼ਹਿਰ ਅਜਨਾਲਾ 'ਚ ਫਲੈਗ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਕਰ ਰਹੇ ਡੀ. ਐੱਸ. ਪੀ. ਢਿੱਲੋਂ ਨੇ ਕਿਹਾ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਲਈ ਅੱਜ ਇਹ ਫਲੈਗ ਮਾਰਚ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਇਹ ਦੱਸਣਾ ਹੈ ਕਿ ਪੁਲਸ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਸੈਣੀ, ਐੱਸ. ਐੱਚ. ਓ. ਰਮਦਾਸ ਵਿਪਨ ਕੁਮਾਰ, ਐੱਸ. ਐੱਚ. ਓ. ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ, ਐੱਸ. ਐੱਚ. ਓ. ਭਿੰਡੀ ਸੈਦਾਂ ਯਾਦਵਿੰਦਰ ਸਿੰਘ, ਐੱਸ. ਐੱਚ. ਓ. ਝੰਡੇਰ ਹਰਪਾਲ ਸਿੰਘ ਸੋਹੀ, ਐੱਸ. ਐੱਚ. ਓ. ਲੋਪੋਕੇ ਕਪਿਲ ਕਸ਼ਯਪ, ਏ. ਐੱਸ. ਆਈ. ਰਸ਼ਪਾਲ ਸਿੰਘ ਤੇ ਮਹਿਲਾ ਹੈੱਡਕਾਂਸਟੇਬਲ ਨਵਿੰਦਰ ਕੌਰ ਸਮੇਤ ਭਾਰੀ ਪੁਲਸ ਫੋਰਸ ਹਾਜ਼ਰ ਸੀ।
ਡੱਡੂਆਣਾ, (ਤਰਸੇਮ)- ਐੱਸ. ਸੀ./ਐੱਸ. ਟੀ. ਐਕਟ ਨੂੰ ਕਮਜ਼ੋਰ ਕੀਤੇ ਜਾਣ ਵਿਰੁੱਧ ਦਲਿਤ ਸਮਾਜ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਤਰਸਿੱਕਾ ਅਧੀਨ ਪੈਂਦੇ ਪਿੰਡਾਂ ਤੇ ਕਸਬਿਆਂ ਵਿਚ ਥਾਣਾ ਤਰਸਿੱਕਾ ਦੀ ਪੁਲਸ ਵੱਲੋਂ ਥਾਣਾ ਮੁਖੀ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਤਰਸਿੱਕਾ, ਖੁਜਾਲਾ, ਟਾਂਗਰਾ, ਜੱਬੋਵਾਲ, ਕੋਟ ਖਹਿਰਾ ਤੇ ਹੋਰਨਾਂ ਪਿੰਡਾਂ ਵਿਚ ਫਲੈਗ ਮਾਰਚ ਦੌਰਾਨ ਸੰਬੋਧਨ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਬੰਦ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੌਰਾਨ ਕਿਸੇ ਨੂੰ ਵੀ ਕਾਨੂੰਨ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੁਲਸ ਵੱਲੋਂ ਗਸ਼ਤ ਜਾਰੀ ਰੱਖੀ ਜਾਵੇਗੀ।
ਮਜੀਠਾ, (ਪ੍ਰਿਥੀਪਾਲ)- ਭਲਕੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਵੱਲੋਂ ਐੱਸ. ਸੀ./ਐੱਸ. ਟੀ. ਐਕਟ 'ਚ ਸੋਧ ਕਰਨ ਦੇ ਫੈਸਲੇ ਵਿਰੁੱਧ ਕੀਤੀ ਜਾਣ ਵਾਲੀ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਇਲਾਕੇ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ ਦੀ ਨਿਗਰਾਨੀ ਤੇ ਐੱਸ. ਐੱਚ. ਓ. ਮੋਹਿਤ ਕੁਮਾਰ ਦੀ ਅਗਵਾਈ 'ਚ ਪੁਲਸ ਕਰਮਚਾਰੀਆਂ ਵੱਲੋਂ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਸ਼ਹਿਰਵਾਸੀਆਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਭੈਅ ਨਾ ਪੈਦਾ ਹੋਵੇ।
ਐੱਸ. ਐੱਚ. ਓ. ਮੋਹਿਤ ਕੁਮਾਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਭੜਕਾਹਟ ਵਿਚ ਨਾ ਆਉਣ ਅਤੇ ਅਫਵਾਹਾਂ 'ਤੇ ਯਕੀਨ ਨਾ ਕਰਨ, ਸੰਜਮ 'ਚ ਰਹਿਣ ਅਤੇ ਕਿਸੇ ਵੀ ਮਦਦ ਵਾਸਤੇ ਉਨ੍ਹਾਂ ਨਾਲ ਸੰਪਰਕ ਕਰਨ। ਇਸ ਮੌਕੇ ਐਡੀਸ਼ਨਲ ਐੱਸ. ਐੱਚ. ਓ. ਮੇਹਰ ਸਿੰਘ ਤੇ ਏ. ਐੱਸ. ਆਈ. ਜੁਗਲ ਕਿਸ਼ੋਰ ਸਮੇਤ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਹਾਜ਼ਰ ਸਨ।


Related News