ਗੁਰਦੁਆਰਾ ਸਾਹਿਬ ''ਚੋਂ ਚੁੱਕੇ ਨੌਜਵਾਨ ਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ

Wednesday, Aug 09, 2017 - 07:28 AM (IST)

ਗੁਰਦੁਆਰਾ ਸਾਹਿਬ ''ਚੋਂ ਚੁੱਕੇ ਨੌਜਵਾਨ ਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ

ਫਤਿਆਬਾਦ,   (ਹਰਜਿੰਦਰ ਰਾਏ)-  ਪਿਛਲੇ ਦਿਨੀਂ ਗੁਰਦੁਆਰਾ ਸ਼ਾਹਪੁਰ ਕੁਟੀਆ (ਤਰਨਤਾਰਨ) ਵਿਖੇ ਜਿਥੇ ਕਿ ਪਿੰਡ ਹੰਸਾਵਾਲਾ ਦੇ ਵਾਸੀ ਬਲਵੰਤ ਸਿੰਘ ਪੁੱਤਰ ਵੀਰ ਸਿੰਘ ਦੇ ਇਕਲੌਤੇ ਪੁੱਤਰ ਗੁਰਲਾਲ ਸਿੰਘ ਦਾ ਵਿਆਹ ਹੋ ਰਿਹਾ ਸੀ, ਇਸੇ ਦੌਰਾਨ ਪੰਜਾਬ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਪੁਲਸ ਨੇ ਇਕ ਗੈਂਗਸਟਰ ਵਜੋਂ ਪੇਸ਼ ਕੀਤਾ ਸੀ, ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਗੁਰਲਾਲ ਸਿੰਘ ਦੇ ਪਿਤਾ ਬਲਵੰਤ ਸਿੰਘ, ਮਾਤਾ ਬਲਵਿੰਦਰ ਕੌਰ, ਗੁਰਲਾਲ ਦੀ ਨਵ-ਵਿਆਹੀ ਪਤਨੀ ਅਮਨਦੀਪ ਕੌਰ ਤੇ ਉਸ ਦੀ ਭੈਣ ਸ਼ਰਨਜੀਤ ਕੌਰ ਆਦਿ ਨੇ ਦੱਸਿਆ ਕਿ 29 ਜੁਲਾਈ ਨੂੰ ਗੁਰਦੁਆਰਾ ਸ਼ਾਹਪੁਰ ਕੁਟੀਆ ਵਿਖੇ ਗੁਰਲਾਲ ਸਿੰਘ ਤੇ ਅਮਨਦੀਪ ਕੌਰ ਦਾ ਵਿਆਹ ਸੀ, ਜਿਸ ਦੀਆਂ ਦੋ ਹੀ ਲਾਵਾਂ ਪੜ੍ਹੀਆਂ ਸਨ ਕਿ ਵੱਡੀ ਗਿਣਤੀ ਵਿਚ ਪੁਲਸ ਦੀ ਵਰਦੀ 'ਚ ਅਤੇ ਸਿਵਲ ਕੱਪੜਿਆਂ ਵਿਚ ਆਏ ਜਵਾਨਾਂ ਨੇ ਬਰਾਤ ਵਿਚ ਆਏ ਗੁਰਲਾਲ ਸਿੰਘ ਦੇ ਦੋਸਤਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਪੰਡਾਲ ਵਿਚ ਇਕਦਮ ਹਫੜਾ-ਤਫੜੀ ਮਚ ਗਈ। ਇਸ ਤੋਂ ਤੁਰੰਤ ਪੁਲਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਣ ਕੇ ਗੁਰਲਾਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਅਪਸ਼ਬਦ ਵੀ ਬੋਲੇ।
 ਇਸ ਘਟਨਾਕ੍ਰਮ ਦੌਰਾਨ ਗੁਰਲਾਲ ਦੇ ਸਾਰੇ ਪਰਿਵਾਰ ਸਮੇਤ ਉਸ ਦੀ ਨਵ-ਵਿਆਹੀ ਪਤਨੀ ਅਮਨਦੀਪ ਕੌਰ ਨੇ ਵੀ ਪੁਲਸ ਵਾਲਿਆਂ ਦੇ ਤਰਲੇ ਕੀਤੇ ਕਿ ਸਾਨੂੰ ਬਾਕੀ ਰਹਿੰਦੀਆਂ ਲਾਵਾਂ ਹੀ ਕਰ ਲੈਣ ਦਿਓ ਪਰ ਪੁਲਸ ਵੱਲੋਂ ਸਾਡੀ ਕੋਈ ਵੀ ਨਹੀਂ ਸੁਣੀ ਗਈ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਲੇਡੀ ਪੁਲਸ ਨੇ ਮੇਰੇ ਕਲੀਰੇ ਅਤੇ ਜਿਊਲਰੀ ਵੀ ਤੋੜ ਦਿੱਤੀ ਅਤੇ ਚਪੇੜਾਂ ਮਾਰਦੇ ਹੋਏ ਬੁਰਾ ਭਲਾ ਕਿਹਾ। ਬਲਵੰਤ ਸਿੰਘ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਸਮੇਂ ਫਤਿਆਬਾਦ ਵਿਖੇ ਹੋਏ ਝਗੜੇ ਵਿਚ ਪੁਲਸ ਸਾਡੇ ਪੁੱਤਰ ਨੂੰ ਦੋਸ਼ੀ ਅਤੇ ਭਗੌੜਾ ਦੱਸ ਰਹੀ ਹੈ। ਉਸ ਕੇਸ ਦਾ ਸਾਡਾ ਅਤੇ ਫਤਿਆਬਾਦ ਵਾਲੀ ਧਿਰ ਦਾ ਪੰਚਾਇਤੀ ਰਾਜ਼ੀਨਾਮਾ ਹੋ ਚੁੱਕਾ ਹੈ।  ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਗੁਰਲਾਲ ਪੁਲਸ ਨੂੰ ਲੋੜੀਂਦਾ ਸੀ ਤਾਂ 20 ਜੁਲਾਈ ਨੂੰ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਗੁਰਲਾਲ ਨੇ ਗੋਇੰਦਵਾਲ ਸਾਹਿਬ ਥਾਣੇ ਤੋਂ 200 ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਬਾਬਾ ਸ਼ਾਹ ਹੁਸੈਨ ਵਿਖੇ ਕਰਵਾਏ ਕਬੱਡੀ ਦੇ ਮੈਚ ਵਿਚ ਆਪਣੀ ਟੀਮ ਵੱਲੋਂ ਕਬੱਡੀ ਖੇਡੀ, ਜਿਥੇ ਕਿ ਸਕਿਓਰਿਟੀ ਵਜੋਂ ਪੁਲਸ ਮੌਜੂਦ ਸੀ, ਉਸ ਵੇਲੇ ਗ੍ਰਿਫਤਾਰ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਨਾਲ ਇਹ ਵਾਰਦਾਤਾਂ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।
ਅਸੀਂ ਪੁਲਸ ਦੇ ਸੀਨੀਅਰ ਅਧਿਕਾਰੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪਾਸੋਂ ਮੰਗ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਾਡੇ ਨਾਲ ਕੀਤੀ ਧੱਕੇਸ਼ਾਹੀ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।


Related News