ਜਲੰਧਰ ’ਚ ਵਧਦਾ ਜਾ ਰਿਹੈ ਕ੍ਰਾਈਮ ਦਾ ਗ੍ਰਾਫ਼: ਘਰਾਂ ’ਚ ਨਹੀਂ ਸੁਰੱਖਿਆ, ਸੜਕਾਂ ’ਤੇ ਵੀ ਖ਼ੌਫ਼, 15 ਦਿਨਾਂ ਅੰਦਰ 23 ਤੋਂ ਵੱਧ ਵਾਰਦਾਤਾਂ

Wednesday, Jul 17, 2024 - 01:23 PM (IST)

ਜਲੰਧਰ ’ਚ ਵਧਦਾ ਜਾ ਰਿਹੈ ਕ੍ਰਾਈਮ ਦਾ ਗ੍ਰਾਫ਼: ਘਰਾਂ ’ਚ ਨਹੀਂ ਸੁਰੱਖਿਆ, ਸੜਕਾਂ ’ਤੇ ਵੀ ਖ਼ੌਫ਼, 15 ਦਿਨਾਂ ਅੰਦਰ 23 ਤੋਂ ਵੱਧ ਵਾਰਦਾਤਾਂ

ਜਲੰਧਰ (ਜ. ਬ.)–ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਦੇ ਹਾਲਾਤ ਆਮ ਵਰਗੇ ਨਹੀਂ ਰਹੇ। ਪਿਛਲੇ 15 ਦਿਨਾਂ ਵਿਚ ਸ਼ਹਿਰ ਵਿਚ ਲੁੱਟਖੋਹ ਅਤੇ ਚੋਰੀ ਦੀਆਂ 23 ਤੋਂ ਵੱਧ ਵਾਰਦਾਤਾਂ ਹੋਈਆਂ, ਜਿਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਪੁਲਸ ਤੋਂ ਜ਼ਿਆਦਾ ਸ਼ਹਿਰ ਵਿਚ ਚੋਰ-ਲੁਟੇਰੇ ਸਰਗਰਮ ਹਨ। ਲਗਾਤਾਰ ਵਧ ਰਹੀਆਂ ਵਾਰਦਾਤਾਂ ਨਾਲ ਸ਼ਹਿਰ ਦਾ ਕ੍ਰਾਈਮ ਗ੍ਰਾਫ਼ ਕਾਫ਼ੀ ਹਾਈ ਹੋ ਚੁੱਕਾ ਹੈ, ਜਿਹੜਾ ਕੰਟਰੋਲ ਵਿਚ ਨਹੀਂ ਆ ਰਿਹਾ। ਸਿਰਫ਼ 15 ਦਿਨਾਂ ਵਿਚ ਲੁੱਟਖੋਹ ਅਤੇ ਚੋਰੀ ਦੀਆਂ 23 ਤੋਂ ਵੱਧ ਵਾਰਦਾਤਾਂ ਨਾਲ ਲੋਕਾਂ ਵਿਚ ਵੀ ਦਹਿਸ਼ਤ ਹੈ। ਲੋਕ ਆਪਣੇ ਕੀਮਤੀ ਸਾਮਾਨ ਨੂੰ ਲੈ ਕੇ ਘਰਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ ਅਤੇ ਸੜਕਾਂ ’ਤੇ ਲੁਟੇਰਿਆਂ ਦਾ ਖ਼ੌਫ਼ ਹੈ। ਜੁਲਾਈ ਮਹੀਨੇ ਵਿਚ ਵਾਪਰੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿਚੋਂ 90 ਫ਼ੀਸਦੀ ਮਾਮਲੇ ਅਨਟਰੇਸ ਹਨ। ਇਥੋਂ ਤਕ ਕਿ ਲੋਕਾਂ ਦੀ ਸੂਚਨਾ ’ਤੇ ਕਾਬੂ ਲੁਟੇਰਾ 5 ਜੁਲਾਈ ਨੂੰ ਥਾਣਾ ਨੰਬਰ 8 ਦੀ ਪੁਲਸ ਨੂੰ ਝਕਾਨੀ ਦੇ ਕੇ ਭੱਜ ਗਿਆ, ਜਿਸ ਨਾਲ ਥਾਣੇ ਅੰਦਰਲੀ ਵਿਵਸਥਾ ਦੀ ਪੋਲ ਖੁੱਲ੍ਹ ਗਈ।

ਰਾਤ ਦੇ ਸਮੇਂ ਸ਼ਹਿਰ ਦੇ ਚੌਕ-ਚੌਰਾਹੇ ਸੁੰਨਸਾਨ ਦਿਸਦੇ ਹਨ। ਰਾਤ ਸਮੇਂ ਡਿਊਟੀ ਤੋਂ ਘਰ ਜਾਣ ਵਾਲੇ ਲੋਕ ਆਪਣੇ ਕੋਲ ਡੰਡੇ ਆਦਿ ਰੱਖਣ ’ਤੇ ਮਜਬੂਰ ਹਨ। ਇਥੋਂ ਤਕ ਕਿ ਲੋਕਾਂ ਵੱਲੋਂ ਕਾਬੂ ਲੁਟੇਰਿਆਂ ਦਾ ਕ੍ਰੈਡਿਟ ਪੁਲਸ ਵੱਲੋਂ ਲਿਆ ਜਾ ਰਿਹਾ ਹੈ। ਇਹ ਸਾਰੀਆਂ ਵਾਰਦਾਤਾਂ ਉਦੋਂ ਹੋਈਆਂ, ਜਦੋਂ ਪੰਜਾਬ ਦੇ ਸੀ. ਐੱਮ. ਭਗਵੰਤ ਸਿੰਘ ਮਾਨ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਰੋਡ ਸ਼ੋਅ ਕਰ ਰਹੇ ਸਨ ਅਤੇ ਸ਼ਹਿਰ ਵਿਚ ਹੀ ਰਹਿ ਰਹੇ ਸਨ। ਅਜਿਹੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਨੂੰ ਦਹਿਸ਼ਤ ਵਿਚ ਪਾਇਆ ਹੋਇਆ ਹੈ। ਦਿਨ ਤੋਂ ਰਾਤ ਤਕ ਲੋਕ ਖ਼ੁਦ ਨੂੰ ਅਸੁਰੱਖਿਅਤ ਸਮਝ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ

PunjabKesariPunjabKesari
15 ਦਿਨਾਂ ’ਚ ਹੋਈਆਂ ਵਾਰਦਾਤਾਂ
-1 ਜੁਲਾਈ : ਮਸੰਦ ਚੌਕ ਵਿਚ ਔਰਤ ਦੀਆਂ ਵਾਲੀਆਂ ਲੁੱਟੀਆਂ।
-ਦੋਆਬਾ ਚੌਕ ਨੂੰ ਜਾਂਦੀ ਸੜਕ ’ਤੇ ਐਕਟਿਵਾ ਸਵਾਰ ਲੁਟੇਰਿਆਂ ਨੇ ਰਾਹਗੀਰ ਤੋਂ ਮੋਬਾਈਲ ਲੁੱਟਿਆ।
-2 ਜੁਲਾਈ : ਪੀ. ਪੀ. ਆਰ. ਮਾਰਕੀਟ ਵਿਚ ਠੇਕੇ ਵਿਚ ਲੁੱਟ, ਹਾਲਾਂਕਿ ਲੋਕਾਂ ਨੇ ਲੁਟੇਰੇ ਪ੍ਰਿੰਸ ਬਾਬਾ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਸੀ, ਜਿਸ ਨਾਲ 8 ਲੁੱਟ ਦੀਆਂ ਪੁਰਾਣੀਆਂ ਵਾਰਦਾਤਾਂ ਟਰੇਸ ਹੋਈਆਂ ਸਨ।
-2 ਜੁਲਾਈ : ਸੈਂਟਰਲ ਟਾਊਨ ਵਿਚ ਰਿਕਸ਼ਾ ’ਤੇ ਜਾ ਰਹੀ ਬਜ਼ੁਰਗ ਔਰਤ ਤੋਂ ਪਰਸ ਅਤੇ ਮੋਬਾਈਲ ਲੁੱਟਿਆ।
-3 ਜੁਲਾਈ : ਡਿਫੈਂਸ ਕਾਲੋਨੀ ਵਿਚ ਵਾਟਰ ਸਪਲਾਈ ਵਿਭਾਗ ਦੇ ਸਾਬਕਾ ਕਰਮਚਾਰੀ ਦੇ ਘਰ ਚੋਰੀ।
-4 ਜੁਲਾਈ : ਛੋਟੀ ਬਾਰਾਦਰੀ ਵਿਚ ਘਰ ਿਵਚੋਂ ਡੇਢ ਲੱਖ ਰੁਪਏ ਅਤੇ 10 ਤੋਲੇ ਦੇ ਗਹਿਣੇ ਚੋਰੀ।
-4 ਜੁਲਾਈ : ਲਾਡੋਵਾਲੀ ਰੋਡ ’ਤ ਮੈਡੀਕਲ ਸ਼ਾਪ ਵਿਚ ਚੋਰੀ ਕਰਨ ਲਈ ਸਵਿਫਟ ਕਾਰ ਸਵਾਰ ਦਾਖਲ ਹੋ ਗਏ ਸਨ ਪਰ ਚੌਕੀਦਾਰ ਨੇ ਦੁਕਾਨਦਾਰਾਂ ਨੂੰ ਇਕੱਠੇ ਕਰ ਕੇ ਚੋਰਾਂ ਨੂੰ ਭਜਾ ਦਿੱਤਾ। ਇਹ ਗਿਰੋਹ ਇਕ ਦਰਜਨ ਤੋਂ ਵੱਧ ਸ਼ਹਿਰਾਂ ਵਿਚ ਵਾਰਦਾਤਾਂ ਕਰ ਚੁੱਕਾ ਹੈ, ਜੋ ਅਨਟਰੇਸ ਹਨ।
-4 ਜੁਲਾਈ : ਬਾਬਾ ਸ਼ਹੀਦ ਦੀਪ ਸਿੰਘ ਨਗਰ ਵਿਚ ਪ੍ਰਵਾਸੀ ਔਰਤ ਤੋਂ ਮੋਬਾਈਲ ਲੁੱਟਿਆ।
-5 ਜੁਲਾਈ : ਦੋਮੋਰੀਆ ਪੁਲ ’ਤੇ ਰਾਹਗੀਰ ਨੂੰ ਹਥਿਆਰ ਦਿਖਾ ਕੇ ਮੋਬਾਈਲ ਤੇ ਪਰਸ ਲੁੱਟਿਆ।
-5 ਜੁਲਾਈ : ਬਸਤੀ ਸ਼ੇਖ ਵਿਚ ਦਿਨ-ਦਿਹਾੜੇ ਘਰ ਵਿਚ ਕੈਸ਼ ਚੋਰੀ।
-5 ਜੁਲਾਈ : ਸੰਤੋਖਪੁਰਾ ਰੋਡ ’ਤੇ ਔਰਤ ਤੋਂ ਸੋਨੇ ਦੀ ਵਾਲੀ ਲੁੱਟੀ।
-7 ਜੁਲਾਈ : ਮਾਡਲ ਹਾਊਸ ਵਿਚ ਮੈਡੀਕਲ ਸਟੋਰ ਤੋਂ ਕੈਸ਼ ਅਤੇ ਸਾਮਾਨ ਚੋਰੀ।
-7 ਜੁਲਾਈ : ਬਸਤੀ ਨੌ ਵਿਚ ਐਕਟਿਵਾ ’ਤੇ ਜਾ ਰਹੀ ਔਰਤ ਤੋਂ ਸੋਨੇ ਦੀ ਵਾਲੀ ਲੁੱਟੀ।
-9 ਜੁਲਾਈ : ਟਾਂਡਾ ਰੋਡ ’ਤੇ ਸਿਗਰੇਟ ਸ਼ਾਪ ਵਿਚੋਂ ਇਕ ਲੱਖ ਦਾ ਸਾਮਾਨ ਚੋਰੀ।
-10 ਜੁਲਾਈ : ਪਠਾਨਕੋਟ ਚੌਕ ਿਵਚ ਆਟੋ ਵਾਲੇ ਸਵਾਰੀ ਦਾ ਪਰਸ ਖੋਹ ਕੇ ਭੱਜੇ।
-12 ਜੁਲਾਈ : ਗੁੱਜਾਪੀਰ ਰੋਡ ’ਤੇ ਲੁਟੇਰਿਆਂ ਨੇ ਬਾਈਕ ਤੇ ਬੈਗ ਲੁੱਟਿਆ।
-14 ਜੁਲਾਈ : ਅਸ਼ੋਕ ਨਗਰ ਵਿਚ ਤੇਜ਼ਧਾਰ ਹਥਿਆਰ ਦਿਖਾ ਕੇ ਵਿਅਕਤੀ ਤੋਂ ਮੋਬਾਈਲ ਲੁੱਟਿਆ।
-14 ਜੁਲਾਈ : ਮਾਡਲ ਹਾਊਸ ਦੇ ਚੱਪਲੀ ਚੌਕ ਵਿਚ ਨੌਜਵਾਨ ਤੋਂ ਮੋਬਾਈਲ ਲੁੱਟਿਆ, ਹਾਲਾਂਕਿ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਸੀ।
-15 ਜੁਲਾਈ : ਅਲੀ ਮੁਹੱਲਾ ਵਿਚ ਦਿਨ-ਦਿਹਾੜੇ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ 2 ਲੱਖ ਰੁਪਏ ਅਤੇ 4 ਤੋਲੇ ਦੇ ਗਹਿਣੇ ਚੋਰੀ ਕੀਤੇ।
-15 ਜੁਲਾਈ : ਨਕੋਦਰ ਰੋਡ ’ਤੇ ਲਵਲੀ ਸਵੀਟਸ ਨੇੜੇ ਔਰਤ ਦੀ ਸੋਨੇ ਦੀ ਵਾਲੀ ਲੁੱਟੀ।
-15 ਜੁਲਾਈ : ਕਪੂਰਥਲਾ ਚੌਕ ਵਿਚ ਜੈਨ ਓਵਰਸੀਜ਼ ਦੇ ਆਫਿਸ ਵਿਚੋਂ 14 ਲੱਖ ਰੁਪਏ ਚੋਰੀ।
-15 ਜੁਲਾਈ : ਨਿਊ ਵਿਜੇ ਨਗਰ ਸਥਿਤ ਘਰ ਵਿਚ ਚੋਰੀ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ

ਸ਼ਹਿਰ ਵਿਚ ਬਿਨਾਂ ਰੋਕ-ਟੋਕ ਚੱਲ ਰਹੇ ਬਿਨਾਂ ਨੰਬਰ ਦੇ ਬਾਈਕਸ
ਸ਼ਹਿਰ ਵਿਚ ਦਿਨ-ਰਾਤ ਬਿਨਾਂ ਨੰਬਰ ਪਲੇਟਾਂ ਦੇ ਬਾਈਕਸ ਦੌੜ ਰਹੇ ਹਨ, ਹਾਲਾਂਕਿ ਇਨ੍ਹਾਂ ਵਿਚੋਂ ਕੁਝ ਵਿਦਿਆਰਥੀ ਵੀ ਸ਼ਾਮਲ ਹਨ ਪਰ ਆਖਿਰਕਾਰ ਇਨ੍ਹਾਂ ਨੂੰ ਰੋਕਿਆ ਕਿਉਂ ਨਹੀਂ ਜਾਂਦਾ। ਰਾਤ ਦੇ ਸਮੇਂ ਅਜਿਹੇ ਬਾਈਕਸ ’ਤੇ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਰਾਤ ਨੂੰ ਪੁਲਸ ਦਾ ਪਹਿਰਾ ਨਾ ਹੋਣ ਕਾਰਨ ਬੇਖ਼ੌਫ਼ ਅਜਿਹੇ ਬਾਈਕਸ ਸਵਾਰ ਦੇਖੇ ਜਾ ਸਕਦੇ ਹਨ। 'ਜਗ ਬਾਣੀ' ਦੇ ਜਾਗਰੂਕ ਪਾਠਕ ਦੀਪਕ ਓਬਰਾਏ ਨੇ ਅਜਿਹੇ ਬਾਈਕਸ ਦੀਆਂ ਫੋਟੋਆਂ ਖਿੱਚ ਕੇ ‘ਜਗ ਬਾਣੀ’ਨੂੰ ਸੌਂਪੀਆਂ ਅਤੇ ਕਿਹਾ ਕਿ ਅਜਿਹੇ ਬਾਈਕਸ ਚਾਲਕਾਂ ’ਤੇ ਐਕਸ਼ਨ ਲਿਆ ਜਾਣਾ ਚਾਹੀਦਾ ਹੈ, ਜੋ ਸ਼ਹਿਰ ਦੀ ਅਮਨ-ਸ਼ਾਂਤੀ ਲਈ ਖ਼ਤਰਾ ਬਣ ਸਕਦੇ ਹਨ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News