ਸਾਜ਼ਿਸ਼ਕਾਰਾਂ ਨੇ ਸੋਸ਼ਲ ਮੀਡੀਏ ''ਤੇ ਮੀਜ਼ਲ ਅਤੇ ਰੁਬੇਲਾ ਦੇ ਸਰਕਾਰੀ ਟੀਕੇ ਨੂੰ ਲੋਕਾਂ ''ਚ ਬਣਾਇਆ ਹਊਆ
Tuesday, May 01, 2018 - 06:12 AM (IST)

ਸਮਰਾਲਾ, (ਬੰਗੜ, ਗਰਗ)- ਕੱਲ 1 ਮਈ ਨੂੰ ਦੇਸ਼ ਭਰ ਵਿਚ ਖਸਰੇ ਅਤੇ ਰੁਬੇਲਾ ਵਰਗੀ ਭਿਆਨਕ ਬੀਮਾਰੀ ਨੂੰ ਜੜ੍ਹੋਂ ਪੁੱਟਣ ਲਈ ਸ਼ੁਰੂ ਹੋਣ ਵਾਲੀ ਸਰਕਾਰ ਦੀ ਮੁਹਿੰਮ ਵਿਚ ਸਾਜ਼ਿਸ਼ ਅਧੀਨ ਅੜਿੱਕੇ ਡਾਹੁਣੇ ਸ਼ੁਰੂ ਕਰ ਦਿੱਤੇ ਗਏ ਹਨ। ਸੋਸ਼ਲ ਮੀਡੀਏ ਰਾਹੀਂ ਵਾਇਰਲ ਕੀਤੇ ਜਾ ਰਹੇ ਗੁੰਮਰਾਹਕੁੰਨ ਸੰਦੇਸ਼ਾਂ ਨੇ ਮੀਜ਼ਲ ਅਤੇ ਰੁਬੇਲਾ ਦੇ ਟੀਕੇ ਨੂੰ ਲੋਕਾਂ ਵਿਚ ਹਊਆ ਬਣਾ ਕੇ ਖੜ੍ਹਾ ਕਰ ਦਿੱਤਾ ਹੈ।
ਇਸ ਝੂਠੇ ਪ੍ਰਚਾਰ ਸਬੰਧੀ ਸ਼ੱਕ ਦੀ ਸੂਈ ਨਿੱਜੀ ਕੰਪਨੀਆਂ 'ਤੇ ਉੱਠਦੀ ਨਜ਼ਰ ਆ ਰਹੀ ਹੈ ਕਿਉਂਕਿ ਮੁਫਤ ਟੀਕਾਕਰਨ ਯੋਜਨਾ ਤੋਂ ਬਾਅਦ ਦਵਾਈਆਂ ਦੇ ਕਾਰੋਬਾਰ 'ਤੇ ਵੱਡਾ ਅਸਰ ਪੈਣ ਵਾਲਾ ਹੈ। ਕਾਰੋਬਾਰੀ ਲੋਕਾਂ ਨੂੰ ਇਹ ਟੀਕਾ ਕਰੀਬ 2 ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ, ਜਿਸ ਨੂੰ ਹੁਣ ਸਿਹਤ ਵਿਭਾਗ ਮੁਫਤ ਵਿਚ ਲਾਉਣ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਦੇਸ਼ ਭਰ ਵਿਚ 8 ਕਰੋੜ ਬੱਚਿਆਂ ਨੂੰ ਇਹ ਟੀਕਾ ਲਗ ਚੁੱਕਾ ਹੈ ਅਤੇ ਹੁਣ ਪੰਜਾਬ ਦੇ 75 ਲੱਖ ਬੱਚਿਆਂ ਨੂੰ ਇਹ ਟੀਕਾ ਲਾਇਆ ਜਾਣਾ ਹੈ। ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਏ 'ਤੇ ਇਹ ਅਖੌਤੀ ਪ੍ਰਚਾਰ ਵਾਇਰਲ ਹੋਇਆ ਹੈ ਕਿ ਇਹ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਅੰਦਰ ਨਵੀਆਂ ਬੀਮਾਰੀਆਂ ਜਨਮ ਲੈਣਗੀਆਂ, ਜਿਸ ਨਾਲ ਭਵਿੱਖ ਵਿਚ ਨਸਲਕੁਸ਼ੀ ਹੋ ਜਾਵੇਗੀ। ਇਸ ਤਰ੍ਹਾਂ ਦੇ ਸੰਦੇਸ਼ ਪੜ੍ਹਨ ਤੋਂ ਬਾਅਦ ਮਾਪਿਆਂ ਨੂੰ ਚਿੰਤਾ ਨੇ ਘੇਰ ਲਿਆ ਹੈ। ਸਕੂਲਾਂ ਵੱਲੋਂ ਬੱਚਿਆਂ ਦਾ ਟੀਕਾਕਰਨ ਕਰਵਾਉਣ ਦੀਆਂ ਸੂਚਨਾਵਾਂ ਤੋਂ ਬਾਅਦ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਮੁਫਤ ਵਾਲਾ ਟੀਕਾ ਨਹੀਂ ਲਵਾਉਣਾ, ਤੁਸੀਂ ਸਾਨੂੰ ਡਾਕਟਰਾਂ ਤੋਂ ਟੀਕਾ ਲਿਖਵਾ ਕੇ ਦੇ ਦਿਓ, ਅਸੀਂ ਮੈਡੀਕਲ ਤੋਂ ਖ੍ਰੀਦ ਕੇ ਖੁਦ ਲਗਵਾ ਲਵਾਂਗੇ।
ਟੀਕਾਕਰਨ ਮੁਹਿੰਮ ਦੇ ਜ਼ਿਲਾ ਕੋਆਰਡੀਨੇਟ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਐੱਮ. ਆਰ. ਮੁਹਿੰਮ ਦੇਸ਼ ਭਰ ਵਿਚ 13 ਸੂਬਿਆਂ ਵਿਚ 7 ਤੋ 8 ਕਰੋੜ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈ ਚੁੱਕੀ ਹੈ ਅਤੇ ਚੌਥੇ ਪੜਾਅ ਵਿਚ ਇਹ ਮੁਹਿੰਮ ਪੰਜਾਬ ਵਿਚ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਲੁਧਿਆਣਾ ਜ਼ਿਲੇ ਵਿਚ 9 ਮਹੀਨਿਆਂ ਤੋਂ ਲੈ ਕੇ 15 ਸਾਲ ਤਕ ਦੀ ਉਮਰ ਦੇ ਕਰੀਬ 12.55 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਸਕੂਲਾਂ ਨੂੰ ਲਿਆ ਜਾਵੇਗਾ ਅਤੇ ਬਾਅਦ ਵਿਚ ਦੂਰ-ਦੁਰਾਡੇ ਦੇ ਸਿਹਤ ਕੇਂਦਰਾਂ ਵਿਚ ਇਹ ਸਕੀਮ ਚਲਾਈ ਜਾਵੇਗੀ। ਇਸ ਮੁਹਿੰਮ ਵਿਚ ਲਗਭਗ 488 ਟੀਕਾਕਰਨ ਟੀਮਾਂ ਅਤੇ 163 ਸੁਪਰਵਾਈਜ਼ਰਾਂ ਵੱਲੋਂ 2989 ਸਕੂਲਾਂ ਵਿਚ ਲਗਭਗ 4656 ਟੀਕਾਕਰਨ ਸੈਸ਼ਨ ਲਾਏ ਜਾਣਗੇ।
ਇਸ ਤਰ੍ਹਾਂ ਇਕ ਪਾਸੇ ਸਿਹਤ ਵਿਭਾਗ ਵੱਲੋਂ ਟੀਕਾਕਰਨ ਮੁਹਿੰਮ ਨੂੰ ਸਫਲ ਕਰਕੇ ਖਸਰਾ ਅਤੇ ਰੁਬੇਲਾ ਵਰਗੀ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਾਜ਼ਿਸ਼ਾਂ ਅਧੀਨ ਸੋਸ਼ਲ ਮੀਡੀਏ 'ਤੇ ਇਸ ਮੁਹਿੰਮ ਨੂੰ ਅਸਫਲ ਕਰਨ ਲਈ ਨਵੇਂ-ਨਵੇਂ ਸੰਦੇਸ਼ ਵਾਇਰਲ ਕੀਤੇ ਜਾ ਰਹੇ ਹਨ।
ਬੜਾ ਭਿਆਨਕ ਰੋਗ ਹੈ ਮੀਜ਼ਲ ਤੇ ਰੁਬੇਲਾ
ਖਸਰਾ ਘਾਤਕ ਅਤੇ ਛੂਤ ਦਾ ਰੋਗ ਹੈ ਅਤੇ ਇਸ ਨਾਲ ਪੂਰੇ ਦੇਸ਼ ਵਿਚ ਸਾਲਾਨਾ 49,000 ਬੱਚਿਆਂ ਦੀ ਮੌਤ ਹੁੰਦੀ ਹੈ। ਰੁਬੇਲਾ ਇਕ ਤਰ੍ਹਾਂ ਛੂਤ ਦਾ ਰੋਗ ਹੈ, ਜੋ ਬੱਚਿਆਂ ਅਤੇ ਬਾਲਗਾਂ ਵਿਚ ਮੌਤ ਦਾ ਕਾਰਨ ਬਣਦਾ ਹੈ ਅਤੇ ਜੇਕਰ ਗਰਭਵਤੀ ਔਰਤ ਇਸ ਵਿਸ਼ਾਣੂ ਦੀ ਲਪੇਟ ਵਿਚ ਆ ਜਾਵੇ ਤਾਂ ਨਵਜੰਮੇ ਬੱਚਿਆਂ ਵਿਚ ਕਈ ਤਰ੍ਹਾਂ ਦੀ ਅਪੰਗਤਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੁਬੇਲਾ ਗਰਭਪਾਤ, ਜਨਮ ਸਮੇਂ ਮੌਤ ਅਤੇ ਗੰਭੀਰ ਜਮਾਂਦਰੂ ਬੀਮਾਰੀਆਂ ਸਮੇਤ ਛੋਟੇ ਬੱਚਿਆਂ ਵਿਚ ਬਹਿਰਾਪਣ ਤੇ ਨੇਤਰਹੀਣਤਾ ਦਾ ਕਾਰਨ ਬਣਦਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਸਾਰੇ ਬੱਚਿਆਂ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣਾ ਹੈ, ਤਾਂ ਜੋ ਇਸ ਮੁਹਿੰਮ ਦੁਆਰਾ ਖਸਰੇ, ਅਪੰਗਤਾ ਤੇ ਜਮਾਂਦਰੂ ਬੀਮਾਰੀਆਂ ਦੇ ਮਾਮਲੇ ਨੂੰ ਖਤਮ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਪੋਲੀਓ ਦੀ ਬੀਮਾਰੀ ਤੋਂ ਮੁਕਤੀ ਵਾਂਗ ਹੁਣ 2020 ਤਕ ਸੂਬੇ ਤੇ ਦੇਸ਼ ਨੂੰ ਖਸਰੇ ਤੇ ਰੁਬੇਲਾ ਤੋਂ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਝੂਠੀਆਂ ਅਫਵਾਹਾਂ ਤੋਂ ਸਾਵਧਾਨ ਹੋਣ ਮਾਪੇ : ਡਾ. ਜੀ. ਬੀ. ਸਿੰਘ
ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਰੋਗ ਤੋਂ ਮੁਕਤ ਕਰਨ ਲਈ ਸ਼ੁਰੂ ਹੋਈ ਮੁਹਿੰਮ ਦੇ ਸੂਬਾ ਕੋਆਰਡੀਨੇਟਰ ਡਾ. ਜੀ. ਬੀ. ਸਿੰਘ ਦਾ ਕਹਿਣਾ ਹੈ ਕਿ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਫੈਲ ਰਹੀਆਂ ਝੂਠੀਆਂ ਅਫਵਾਹਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਡਿਊਟੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸਰਕਾਰ
ਵੱਲੋਂ ਜੋ ਦਵਾਈਆਂ ਭੇਜੀਆਂ ਜਾ ਰਹੀਆਂ ਹਨ, ਉਹ ਕੁਆਲਿਟੀ ਪੱਖੋਂ ਬੇਮਿਸਾਲ
ਹਨ। ਕਿਸੇ ਵੀ ਕਿਸਮ ਦੇ ਖਤਰੇ ਦੀ ਕੋਈ ਗੁੰਜਾਇਸ਼ ਨਹੀਂ ਹੈ।