ਤਲਵਾੜਾ ਨਗਰ ਕੌਂਸਲ ਚੋਣ : 13 ਸੀਟਾਂ ’ਚੋਂ ‘ਆਪ’ ਅਤੇ ਕਾਂਗਰਸ ਨੂੰ 6-6, ਭਾਜਪਾ ਨੂੰ 1 ਸੀਟ ’ਤੇ ਮਿਲੀ ਜਿੱਤ
Monday, Mar 03, 2025 - 12:05 AM (IST)

ਹਾਜੀਪੁਰ (ਜੋਸ਼ੀ)- ਦਿੱਲੀ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਜਪਾ ਦੀ ਬਣੀ ਲਹਿਰ ਤਲਵਾੜਾ ਨਗਰ ਕੌਂਸਲ ਦੇ ਚੋਣ ਨਤੀਜਿਆਂ ’ਚ ਬੇਅਸਰ ਸਾਬਤ ਹੋਈ ਹੈ। ਇੱਥੇ ਨਗਰ ਕੌਂਸਲ ਤਲਵਾੜਾ ਦੇ 13 ਵਾਰਡਾਂ ਲਈ ਪਈਆਂ ਵੋਟਾਂ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਰਾਬਰ 6-6 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਭਾਜਪਾ ਨੇ ਇਕ ਸੀਟ ’ਤੇ ਜਿੱਤ ਦਰਜ ਕੀਤੀ ਹੈ।
ਇਨ੍ਹਾਂ ਚੋਣਾਂ ’ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ‘ਆਪ’ ’ਚ ਗਏ ਜ਼ਿਆਦਾਤਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਨੇ ਇਸ ਵਾਰ ਨਵੇਂ ਚਿਹਰਿਆਂ ਦੇ ਸਿਰ ’ਤੇ ਸਿਹਰਾ ਬੰਨ੍ਹਿਆ ਹੈ। 13 ਵਾਰਡਾਂ ਲਈ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਆਪਣੇ ਉਮੀਦਵਾਰ ਚੋਣ ਦੰਗਲ ’ਚ ਉਤਾਰੇ ਸਨ। ‘ਆਪ’ ਤੋਂ ਬਾਗੀ ਦੋ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ- ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਦੇ ਮੱਦੇਨਜ਼ਰ ਕਿਸਾਨਾਂ ਨੇ 5 ਮਾਰਚ ਨੂੰ ਲੈ ਕੇ ਕਰ'ਤਾ ਵੱਡਾ ਐਲਾਨ
ਵਾਰਡ ਨੰਬਰ ਇਕ ਤੋਂ ਭਾਜਪਾ ਦੇ ਉਮੀਦਵਾਰ ਰਜਨੀਸ਼ ਕੁਮਾਰ ਬਿੱਟੂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 2,3,4,6,8 ਤੇ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਕਸ਼ਾ ਰਾਣੀ, ਮੁਨੀਸ਼ ਚੱਢਾ, ਆਰਤੀ ਚੱਢਾ, ਜੋਗਿੰਦਰ ਕੌਰ, ਅਨੀਤਾ ਰਾਣੀ ਅਤੇ ਸ਼ੀਤਲ ਅਰੋੜਾ ਨੇ ਚੋਣ ਜਿੱਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 5,7,9,10,11 ਅਤੇ 13 ’ਚੋਂ ਹਰਸ਼ ਕੁਮਾਰ ਉਰਫ ਆਸ਼ੂ ਅਰੋੜਾ, ਅੰਕੁਸ਼ ਸੂਦ, ਪ੍ਰਿੰਸ ਗਿੱਲ, ਕਲਾਵਤੀ, ਪ੍ਰਦੀਪ ਕੁਮਾਰ ਸ਼ਰਫੀ ਅਤੇ ਜੋਗਿੰਦਰ ਪਾਲ ਛਿੰਦਾ ਚੋਣ ਜਿੱਤ ਗਏ ਹਨ।
ਨਗਰ ਕੌਂਸਲ ਚੋਣਾਂ ’ਚ ਸਾਬਕਾ ਪ੍ਰਧਾਨ ਮੋਨਿਕਾ ਸ਼ਰਮਾ ਦੇ ਪਤੀ ਮੰਨੂ ਸ਼ਰਮਾ, ਭਾਜਪਾ ਦੇ ਮੰਡਲ ਪ੍ਰਧਾਨ ਵਿਨੋਦ ਕੁਮਾਰ ਉਰਫ ਮਿੱਠੂ, ‘ਆਪ’ ਦੇ ਸ਼ਹਿਰੀ ਪ੍ਰਧਾਨ ਵਿਕਰਾਂਤ ਜੋਤੀ ਦੀ ਪਤਨੀ ਰੂਹੀ ਸ਼ਾਰਦਾ ਅਤੇ ਬਲਾਕ ਪ੍ਰਧਾਨ ਸ਼ਿਵਮ ਤਲੂਜਾ ਦੀ ਮਾਤਾ ਅਨੀਤਾ ਜੋਤੀ ਚੋਣ ਹਾਰ ਗਏ ਹਨ। ਕਲਾਵਤੀ ਨੇ ਦੂਜੀ ਵਾਰ ਚੋਣ ਜਿੱਤੀ ਹੈ। ਉੱਥੇ ਹੀ ਜੋਗਿੰਦਰ ਪਾਲ ਛਿੰਦਾ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਮਿਸਾਲ ਕਾਇਮ ਕੀਤੀ ਹੈ।
ਚੋਣ ਅਧਿਕਾਰੀ-ਕਮ-ਤਹਿਸੀਲਦਾਰ ਮੁਕੇਰੀਆਂ ਮੁਨੀਸ਼ ਕੁਮਾਰ ਨੇ ਦੱਸਿਆ ਕਿ ਤਲਵਾੜਾ ਨਗਰ ਕੌਂਸਲ ਚੋਣਾਂ ’ਚ ਕੁੱਲ 61.3 ਫੀਸਦੀ ਵੋਟਾਂ ਪਈਆਂ ਹਨ। ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ। ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਪਾਰਟੀ ਦਰਮਿਆਨ ਰੱਸਾਕਸ਼ੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਸੱਜਰੀ ਵਿਆਹੀ ਨੇ ਸਹੁਰੇ ਘਰ ਆਉਣ ਦੇ ਹਫ਼ਤੇ ਬਾਅਦ ਹੀ ਚਾੜ੍ਹ'ਤਾ ਚੰਨ, ਜਾਣ ਤੁਸੀਂ ਵੀ ਕਰੋਗੇ 'ਤੌਬਾ-ਤੌਬਾ'