ਬਾਰਦਾਨੇ ਦੀ ਘਾਟ ਨੂੰ ਸਰਕਾਰ ਨੂੰ 2 ਮਹੀਨੇ ਪਹਿਲਾਂ ਪੂਰਾ ਕਰਨਾ ਚਾਹੀਦਾ ਸੀ : ਮਲੂਕਾ
Monday, Apr 19, 2021 - 10:49 PM (IST)
ਭਗਤਾ ਭਾਈ,(ਢਿੱਲੋਂ)- ਅੱਜ ਭਾਵੇਂ ਪੰਜਾਬ ਸਰਕਾਰ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਜ਼ਮੀਨੀ ਹਾਲਾਤ ਕੁਝ ਹੋਰ ਹੀ ਨਜ਼ਰ ਆ ਰਹੇ ਹਨ।
ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਸਾਬਕਾ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਕਿਸਾਨਾਂ ਦੀ ਸਾਰ ਲੈਣ ਲਈ ਮੰਡੀ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਵੱਡੇ-ਵੱਡੇ ਢੇਰ ਅਨਾਜ ਮੰਡੀਆਂ ’ਚ ਕਣਕ ਦੇ ਲੱਗੇ ਪਏ ਹਨ ਅਤੇ ਕਿਸਾਨਾਂ ਦੇ ਹੋਰ ਸਭ ਕੰਮ ਕਣਕ ਨਾ ਤੁਲਣ ਕਾਰਣ ਠੱਪ ਪਏ ਹਨ। ਇਸ ਸਮੇਂ ਮਲੂਕਾ ਮੰਡੀਆਂ ’ਚ ਕਿਸਾਨਾਂ ਨੂੰ ਆ ਰਹੀ ਬਾਰਦਾਨੇ ਦੀ ਘਾਟ ਨੂੰ ਮਹਿਸੂਸ ਕਰਦਿਆਂ ਡੀ. ਸੀ. ਬਠਿੰਡਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਕਿਸਾਨਾਂ ਦਾ ਕੰਮ ਸਿਰ ’ਤੇ ਪਿਆ ਹੈ ਕਿ ਕਿਸੇ ਵੀ ਕਿਸਾਨ ਕੋਲ ਮੰਡੀ ’ਚ ਬੈਠਣ ਦਾ ਸਮਾਂ ਨਹੀਂ ਇਸ ਕਰ ਕੇ ਜਲਦ ਤੋਂ ਜਲਦ ਬਾਰਦਾਨੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ।
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਡੀ. ਸੀ. ਬਠਿੰਡਾ ਨੇ ਅੱਜ ਸ਼ਾਮ ਜਾਂ ਕੱਲ ਤੱਕ ਬਾਰਦਾਨੇ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਸਮੇਂ ਮਲੂਕਾ ਨੂੰ ਕਿਸਾਨਾਂ ਨੇ ਕਿਹਾ ਕਿ ਉਹ 5 ਅਪ੍ਰੈਲ ਤੋਂ ਕਣਕ ਮੰਡੀ ’ਚ ਲਈ ਬੈਠੇ ਹਨ ਅਤੇ ਬਾਕੀ ਸਭ ਕੰਮ ਉਨ੍ਹਾਂ ਦੇ ਠੱਪ ਪਏ ਹਨ, ਜਿਸ ਨਾਲ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਸਮੇਂ ਮਲੂਕਾ ਨੇ ਕਿਹਾ ਕਿ ਇਸ ਵਾਰ ਕਣਕ ਦੀ ਝਾੜ ਵੀ 10-15 ਫੀਸਦੀ ਘੱਟ ਹੈ ਪਰ ਫਿਰ ਵੀ ਕਾਗਰਸ ਸਰਕਾਰ ਬਾਰਦਾਨੇ ਦਾ ਪ੍ਰਬੰਧ ਕਰਨ ’ਚ ਅਸਫਲ ਰਹੀ ਹੈ, ਜੋ ਸਰਕਾਰ ਦੀ ਨਕਾਮੀ ਹੈ। ਇਹ ਕੰਮ ਸਰਕਾਰ ਨੂੰ ਘੱਟੋ-ਘੱਟ 2 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ। ਇਸ ਸਮੇਂ ਉਨ੍ਹਾਂ ਨਾਲ ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ, ਜਗਮੋਹਨ ਲਾਲ ਭਗਤਾ ਪ੍ਰਧਾਨ, ਸੁਖਜਿੰਦਰ ਸਿੰਘ ਭਗਤਾ ਪ੍ਰਧਾਨ ਯੂਥਵਿੰਗ, ਪਵਨਦੀਪ ਕੁੱਕੀ ਅਤੇ ਹੋਰ ਆਗੂ ਹਾਜ਼ਰ ਸਨ।