ਪੰਜਾਬ ’ਚ ਮੋਤੀਆਂ ਵਾਲੀ ਸਰਕਾਰ ਦਾ ਕੰਮ-ਕਾਜ ਮੁਕੰਮਲ ਤੌਰ ’ਤੇ ਠੱਪ : ਬੀਰ ਦਵਿੰਦਰ

Saturday, Jul 17, 2021 - 02:41 PM (IST)

ਪੰਜਾਬ ’ਚ ਮੋਤੀਆਂ ਵਾਲੀ ਸਰਕਾਰ ਦਾ ਕੰਮ-ਕਾਜ ਮੁਕੰਮਲ ਤੌਰ ’ਤੇ ਠੱਪ : ਬੀਰ ਦਵਿੰਦਰ

ਪਟਿਆਲਾ (ਜ. ਬ.) : ਸਾਬਕਾ ਡਿਪਟੀ ਸਪੀਕਰ, ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ’ਚ ਫਰਵਰੀ 2022 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਗਾਉਣ ’ਚ ਹਾਲੇ ਕੁੱਝ ਮਹੀਨੇ ਬਾਕੀ ਹਨ ਪਰ ਪੰਜਾਬ ਸਰਕਾਰ ਦਾ ਸਾਰਾ ਕੰਮ-ਕਾਜ ਅਮਲੀ ਤੌਰ ’ਤੇ ਪਹਿਲਾਂ ਹੀ ਠੱਪ ਹੋ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦੀ ਨਕਾਰਾਤਮਕ ਰਿਪੋਰਟ ਨੇ ਤਾਂ ਸਰਕਾਰ ਲਈ ਹਰ ਖੇਤਰ ’ਚ ਨਵੀਆਂ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਸਾਰੇ ਡਾਕਟਰ ਐੱਨ. ਪੀ. ਏ. ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਹੜਤਾਲ ’ਤੇ ਹਨ। ਇਸੇ ਤਰ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਨਾਲ ਸਬੰਧਤ ਸਾਰੇ ਦੇ ਸਾਰੇ ਬੀ. ਡੀ. ਪੀ. ਓ. ਅਤੇ ਡੀ. ਡੀ. ਪੀ. ਓ. ਹੜਤਾਲ ’ਤੇ ਚੱਲ ਰਹੇ ਹਨ। ਪਿੰਡਾਂ ’ਚ ਵਿਕਾਸ ਦਾ ਕੰਮ ਇਸ ਹੜਤਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪੰਜਾਬ ਦੇ ਸਾਰੇ ਪਟਵਾਰੀ ਅਤੇ ਕਾਨੂੰਨਗੋ ਵੀ ਹਡ਼ਤਾਲ ’ਤੇ ਹਨ, ਜਿਸ ਕਾਰਨ ਮਾਲ ਮਹਿਕਮੇ ਦਾ ਕੰਮ ਠੱਪ ਹੋ ਗਿਆ ਹੈ। ਹਰ ਪਾਸੇ ਜਾਂ ਤਾਂ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਗੂੰਜ ਰਹੇ ਹਨ ਜਾਂ ਫੇਰ ਪੰਜਾਬ ਪੁਲਸ ਦੀ ਦਰਿੰਦਗੀ, ਹਰ ਪਾਸੇ ਹੱਕ ਮੰਗਦੇ ਲੋਕਾਂ ’ਤੇ ਭਿਆਨਕ ਕਹਿਰ ਵਰਤਾ ਰਹੀ ਹੈ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਨੂੰ ਬਚਾਉਣ ਦੇ ਯਤਨ ਨਾ ਕਰੇ ਪੰਜਾਬ ਸਰਕਾਰ : ਸ਼੍ਰੋਮਣੀ ਕਮੇਟੀ

ਬੇਰੋਜ਼ਗਾਰ ਅਧਿਆਪਕਾਂ ਦਾ ਕੁਟਾਪਾ ਤਾਂ ਕਈ ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ। ਆਂਗਨਵਾੜੀ ਵਰਕਰ, ਆਸ਼ਾ ਵਰਕਰ ਇੱਥੋਂ ਤੱਕ ਕਿ ਨਰੇਗਾ ਵਰਕਰ ਤੇ ਦਿਹਾੜੀਦਾਰ ਕਾਮੇ ਵੀ ਸਰਕਾਰ ਖ਼ਿਲਾਫ਼ ਵਿਦਰੋਹ ’ਚ ਸ਼ਾਮਿਲ ਹੋ ਚੁੱਕੇ ਹਨ। ਕਿਸਾਨ ਅੰਦੋਲਨ ਸ਼ਿਖਰਾਂ ਛੋਹ ਰਿਹਾ ਹੈ, ਹਜ਼ਾਰਾਂ ਕਿਸਾਨਾਂ ਦੀ ਇਸ ਕਿਸਾਨ ਮੋਰਚੇ ’ਚ ਮੌਤ ਹੋ ਚੁੱਕੀ ਹੈ ਪਰ ਮੋਤੀਆਂ ਵਾਲੀ ਸਰਕਾਰ ਬੜੀ ਬੇਸ਼ਰਮੀ ਨਾਲ ‘ਚੀਹਕੂ ਤੇ ਸੀਤਾ-ਫਲ’’ਚ ਉਲਝੀ ਹੋਈ ਹੈ। ਪੰਜਾਬ ਦੇ ਸ਼ਹਿਰ ਪਟਿਆਲਾ ਦੇ ਚੌਕ-ਚੁਰਾਹਿਆਂ ’ਚ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਫਲੈਕਸ ਬੋਰਡ, ਜਿਨ੍ਹਾਂ ’ਤੇ ਮੋਟਾ ਕਰ ਕੇ ਲਿਖਿਆ ਹੋਇਆ ਹੈ ‘ਸਾਡਾ ਸਾਂਝਾ ਨਾਹਰਾ, ਕੈਪਟਨ ਦੁਬਾਰਾ’ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਤਸਵੀਰ ਨਾਲ ਅੰਗਰੇਜ਼ੀ ’ਚ ਲਿਖਿਆ ਹੋਇਆ ਹੈ ‘ਕੈਪਟਨ ਫਾਰ 2022’। ਇਨ੍ਹਾਂ ਫਲੈਕਸ ਬੋਰਡਾਂ ਦਾ ਪਟਿਆਲਾ ਸ਼ਹਿਰ ਦੇ ਚੌਕ-ਚੁਰਾਹਿਆਂ ’ਚ ਲੱਗੇ ਹੋਣਾ ਵੀ ਤਾਂ ਲੋਕਾਂ ਦਾ ਮੂੰਹ ਚਿਡ਼ਾਉਣ ਵਾਲੀ ਗੱਲ ਹੈ, ਜਿਸ ਸ਼ਹਿਰ ਦਾ ਨੁਮਾਇੰਦਾ ਪਿਛਲੇ 5 ਸਾਲਾਂ ’ਚ 5 ਵਾਰੀ ਵੀ ਆਪਣੇ ਹਲਕੇ ’ਚ ਨਾਂ ਆਇਆ ਹੋਵੇ, ਉਸ ਸ਼ਹਿਰ ’ਚ ਇਸ ਨੌਵੀਅਤ ਦੇ ਫਲੈਕਸ ਬੋਰਡਾਂ ਰਾਹੀਂ ਆਖਿਰ ‘ਮੋਤੀਆਂ ਵਾਲੀ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?

ਇਹ ਵੀ ਪੜ੍ਹੋ : ਸਿੰਚਾਈ ਘਪਲਾ : ਜਨਹਿਤ ਪਟੀਸ਼ਨ ’ਤੇ ਹਾਈਕੋਰਟ ਨੇ ਸਰਕਾਰ ਨੂੰ ਉਚਿਤ ਕਾਰਵਾਈ ਦੇ ਦਿੱਤੇ ਹੁਕਮ

ਪਟਿਆਲੇ ਦਾ ਆਵਾਮ ਤਾਂ ਇਹ ਸਵਾਲ ਪੁੱਛ ਰਿਹਾ ਹੈ ਕਿ ਕੀ ਫਰਵਰੀ 2017 ਤੋਂ ਸ਼ੁਰੂ ਹੋ ਕੇ ਹੁਣ ਤੀਕਰ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰਨ ’ਚ ਕੋਈ ਕਸਰ ਬਾਕੀ ਰਹਿ ਗਈ ਹੈ, ਜਿਸ ਲਈ ਦੁਬਾਰਾ ਮੌਕੇ ਦੀ ਲੋੜ ਹੈ। ਇਹ ਗੱਲ ਹੋਰ ਵੀ ਅਚੰਭੇ ਵਾਲੀ ਹੈ ਕਿ ਇਹ ਅਪੀਲ ਇਸ ਬਾਰ, ‘ਪਰਨੀਤ ਕੌਰ’ ਜੀ ਵੱਲੋਂ ਹੈ। ਇਸ ਲਈ ਮੇਰੀ ਸਮੇਂ ਦੇ ਹਾਕਮਾਂ ਨੂੰ ਚਿਤਾਵਨੀ ਹੈ ਕਿ ਕੰਧ ’ਤੇ ਲਿਖਿਆ ਪੜ੍ਹੋ, ਸਮਾਂ ਬੜਾ ਬਲਵਾਨ ਹੈ। ਹੁਣ ਰਾਜਨੀਤਕ ਪਹਿਰਾਵਿਆਂ ਵਾਲੇ ਧਾੜਵੀਆਂ ਤੇ ਪੰਜਾਬ ਦੇ ਲੋਕਾਂ ਦੀ ਅੱਖ ਹੈ। ਫਰਵਰੀ 2022 ’ਚ ਆਟੇ ਲੂਣ ਦੇ ਭਾਅ ਦਾ ਸਭ ਨੂੰ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ : ਸ਼੍ਰੋਅਦ ਵੱਲੋਂ ਦਿੱਲੀ ਹਾਈਕੋਰਟ ’ਚ ਪਟੀਸ਼ਨ ਦਾਇਰ, ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕਰਵਾਉਣ ਦੀ ਕੀਤੀ ਮੰਗ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News