ਸਮਾਜ ''ਚ ਉੱਚ ਮੁਕਾਮ ਹਾਸਲ ਕਰ ਰਹੀਆਂ ਨੇ ਲੜਕੀਆਂ

Saturday, Jan 13, 2018 - 01:02 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਅੱਜ ਲੋਹੜੀ ਦਾ ਤਿਉਹਾਰ ਪੰਜਾਬ 'ਚ ਹੀ ਨਹੀਂ, ਸਗੋਂ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਤੇ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਵੱਲੋਂ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਇਸ ਤਿਉਹਾਰ 'ਤੇ ਜਿਥੇ ਜਿਨ੍ਹਾਂ ਘਰਾਂ 'ਚ ਲੜਕਾ ਪੈਦਾ ਹੋਇਆ ਹੋਵੇ ਤੇ ਨਵਾਂ-ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਘਰਾਂ 'ਚ ਹੀ ਇਸ ਤਿਉਹਾਰ ਨੂੰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ ਪਰ ਸਮਾਜ ਦੀ ਸੋਚ 'ਚ ਆ ਰਹੀ ਤਬਦੀਲੀ ਨਾਲ ਹੁਣ ਇਸ ਤਿਉਹਾਰ ਨੂੰ ਲੜਕੀਆਂ ਦੇ ਪੈਦਾ ਹੋਣ 'ਤੇ ਵੀ ਮਨਾਇਆ ਜਾਣ ਲੱਗਾ ਹੈ ਕਿਉਂਕਿ ਅੱਜ ਕੁੜੀਆਂ ਵੀ ਮੁੰਡਿਆਂ ਵਾਂਗ ਨਾਮ ਕਮਾ ਰਹੀਆਂ ਹਨ। ਅੱਜ ਲੋਹੜੀ ਦੇ ਤਿਉਹਾਰ 'ਤੇ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਸ਼ਹਿਰ ਦੀਆਂ ਅਜਿਹੀਆਂ ਹੀ ਕੁਝ ਬੇਟੀਆਂ ਨਾਲ, ਜਿਨ੍ਹਾਂ ਨੇ ਆਪਣੇ ਬਲਬੂਤੇ ਤੇ ਆਪਣੀ ਪ੍ਰਤਿਭਾ ਨਾਲ ਸ਼ਹਿਰ ਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। 
PunjabKesari
ਵਿਰੋਧੀ ਵਿਚਾਰਾਂ ਤੋਂ ਮਿਲੀ ਅੱਗੇ ਵਧਣ ਲਈ ਮਜ਼ਬੂਤੀ : ਪਟਵਾਰੀ ਮਨਜੀਤ ਕੌਰ 
'ਕੁੜੀਆਂ ਪਟਵਾਰੀ ਨਹੀਂ ਬਣ ਸਕਦੀਆਂ, ਪਟਵਾਰੀ ਨੂੰ ਥਾਂ-ਥਾਂ ਜਾਣਾ ਪੈਂਦਾ ਹੈ' ਵਰਗੇ ਵਿਚਾਰ ਨੂੰ ਝੂਠਾ ਸਾਬਿਤ ਕਰਦਿਆਂ ਆਪਣੇ ਅਹੁਦੇ 'ਤੇ ਬਾਖੂਬੀ ਕੰਮ ਕਰ ਰਹੀ ਹੈ ਪਟਵਾਰੀ ਮਨਜੀਤ ਕੌਰ। ਆਪਣੇ ਸਰਕਲ ਦੇ ਨਾਲ-ਨਾਲ 4-5 ਵਾਧੂ ਸਰਕਲਾਂ ਦੇ ਕੰਮ ਨੂੰ ਵੀ ਕਰ ਰਹੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਐੱਮ.ਏ. ਪੋਲੀਟੀਕਲ ਸਾਇੰਸ ਤੱਕ ਪੜ੍ਹਾਈ ਕੀਤੀ ਹੈ। ਉਸ ਦੇ ਪਿਤਾ ਪਟਵਾਰੀ ਸਨ ਜਿਨ੍ਹਾਂ ਦੀ ਸੇਵਾਵਾਂ ਦੌਰਾਨ ਹੀ ਮੌਤ ਹੋ ਜਾਣ ਤੋਂ ਬਾਅਦ ਉਸ ਨੂੰ ਉਕਤ ਅਹੁਦਾ ਹਾਸਲ ਹੋਇਆ। ਸ਼ੁਰੂ 'ਚ ਪ੍ਰਸ਼ਾਸਨ ਦੇ ਹੀ ਕੁਝ ਲੋਕ ਉਸ ਨੂੰ ਡਰਾਉਂਦੇ ਰਹੇ ਕਿ ਇਹ ਕੰਮ ਲੜਕੀਆਂ ਲਈ ਬਹੁਤ ਔਖਾ ਹੈ ਪਰ ਪਰਿਵਾਰ ਦੇ ਮਿਲੇ ਸਹਿਯੋਗ ਤੇ ਆਪਣੀ ਸਖਤ ਮਿਹਨਤ ਨਾਲ ਹਰ ਕੰਮ ਸੌਖਾ ਹੋ ਗਿਆ। 
PunjabKesari
ਚੁਣੌਤੀ ਭਰੇ ਕੰਮ ਨੂੰ ਡਟ ਕੇ ਕਰਨ ਨਾਲ ਹੀ ਲੜਕੀਆਂ ਦਾ ਭਵਿੱਖ ਸੁਖਦ ਹੋ ਸਕਦੈ : ਅਮਰਜੀਤ ਕੌਰ
ਮੈਂ ਇਹ ਕੰਮ ਨਹੀਂ ਕਰ ਸਕਦੀ ਕਿਉਂਕਿ ਮੈਂ ਕੁੜੀ ਹਾਂ ਅਜਿਹੇ ਵਿਚਾਰ ਮਨ 'ਚ ਲਿਆਉਣ ਦੀ ਥਾਂ ਹਰ ਚੁਣੌਤੀ ਭਰੇ ਕੰਮ ਨੂੰ ਡਟ ਕੇ ਕਰਨ ਨਾਲ ਹੀ ਲੜਕੀਆਂ ਆਪਣੇ ਭਵਿੱਖ ਨੂੰ ਸੁਖਦ ਤੇ ਮਜ਼ਬੂਤ ਕਰ ਸਕਦੀਆਂ ਹਨ। ਇਹ ਵਿਚਾਰ ਕਸਬਾ ਜਾਡਲਾ 'ਚ ਬਤੌਰ ਚੌਕੀ ਇੰਚਾਰਜ ਪੁਲਸ ਸੇਵਾਵਾਂ ਦੇ ਰਹੀ ਏ.ਐੱਸ.ਆਈ. ਅਮਰਜੀਤ ਕੌਰ ਨੇ ਪ੍ਰਗਟ ਕੀਤੇ। ਉਹ ਖੇਡ ਕੋਟੇ 'ਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ। ਉਨ੍ਹਾਂ ਨੇ ਅੱਗੇ ਵਧਣ ਦੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਨਾ ਕੇਵਲ ਏ.ਐੱਸ.ਆਈ. ਦਾ ਅਹੁਦਾ ਹਾਸਲ ਕੀਤਾ ਸਗੋਂ ਬੁਲੰਦ ਹੌਂਸਲੇ ਦੇ ਅਕਸ ਕਾਰਨ ਅੱਜ ਬਤੌਰ ਚੌਕੀ ਇੰਚਾਰਜ ਸੇਵਾਵਾਂ ਦੇਣ ਦਾ ਵੀ ਮੌਕਾ ਮਿਲਿਆ ਹੈ।
PunjabKesari
ਦਿਵਿਆਂਗ ਪੂਜਾ ਬੱਚਿਆਂ ਨੂੰ ਸਿਖਾ ਰਹੀ ਹੈ ਪੈਰਾਂ 'ਤੇ ਖੜ੍ਹੇ ਹੋਣ ਦਾ ਹੁਨਰ 
10ਵੀਂ ਦੀ ਪ੍ਰੀਖਿਆ ਤੋਂ ਕਰੀਬ ਹਫ਼ਤਾ ਪਹਿਲਾਂ ਲਕਵੇ ਦੇ ਦੌਰੇ ਨਾਲ ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਾਲ ਨਕਾਰਾ ਹੋ ਜਾਣ ਦੇ ਬਾਵਜੂਦ ਐੱਮ.ਐੱਡ. ਤੇ ਐੱਮ. ਫਿਲ ਤੱਕ ਦੀ ਸਿੱਖਿਆ ਹਾਸਲ ਕਰ ਕੇ ਨਵਾਂਸ਼ਹਿਰ ਦੇ ਸਰਕਾਰੀ ਸੀ. ਸੈ. ਸਕੂਲ 'ਚ ਬਤੌਰ ਲੈਕਚਰਾਰ ਸੇਵਾਵਾਂ ਦੇ ਰਹੀ ਪੂਜਾ ਸ਼ਰਮਾ ਨਾ ਸਿਰਫ ਲੜਕੀਆਂ ਲਈ ਪ੍ਰੇਰਨਾਸਰੋਤ ਹੈ, ਸਗੋਂ ਉਨ੍ਹਾਂ ਦਿਵਿਆਂਗਾਂ ਲਈ ਰੋਲ ਮਾਡਲ ਵੀ ਹੈ, ਜੋ ਜੀਵਨ ਦੇ ਕਿਸੇ ਮੋੜ 'ਤੇ ਕਿਸੇ ਕਾਰਨ ਦਿਵਿਆਂਗ ਹੋ ਕੇ ਜੀਵਨ ਬਿਤਾਉਣ ਨੂੰ ਮਜਬੂਰ ਹੋ ਜਾਂਦੇ ਹਨ। ਲੈਕਚਰਾਰ ਪੂਜਾ ਨੇ ਦੱਸਿਆ ਕਿ ਉਹ ਸਕੂਲ 'ਚ ਟੇਬਲ ਟੈਨਿਸ ਦੀ ਖਿਡਾਰੀ ਹੋਣ ਦੇ ਨਾਲ-ਨਾਲ ਪੜ੍ਹਾਈ 'ਚ ਅੱਵਲ ਸੀ ਪਰ ਲਕਵੇ ਨੇ ਇਕ ਵਾਰ ਤਾਂ ਉਸ ਦੇ ਸਾਰੇ ਸੁਪਨਿਆਂ ਨੂੰ ਮਿੱਟੀ 'ਚ ਮਿਲਾ ਦਿੱਤਾ। ਜਦੋਂਕਿ ਹੁਣ ਉਸ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਰੁਕਾਵਟਾਂ ਰਸਤਾ ਰੋਕਦੀਆਂ ਤਾਂ ਹਨ ਪਰ ਅੱਗੇ ਵਧਣਾ ਵੀ ਸਿਖਾ ਦਿੰਦੀਆਂ ਹਨ। ਹੁਣ ਉਹ ਹਜ਼ਾਰਾਂ ਬੱਚਿਆਂ ਨੂੰ ਹੁਨਰਮੰਦ ਬਣਾ ਕੇ ਪੈਰਾਂ 'ਤੇ ਖੜ੍ਹੇ ਹੋਣ ਦੇ ਲਾਇਕ ਬਣਾ ਰਹੀ ਹੈ। 
PunjabKesari
ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਕੰਚਨ ਬਣਨਾ ਚਾਹੁੰਦੀ ਹੈ ਜ਼ਰੂਰਤਮੰਦ ਬੱਚਿਆਂ ਦਾ ਸਹਾਰਾ
ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਦੇ ਅਹੁਦੇ 'ਤੇ ਕੰਮ ਕਰਦੀ ਕੰਚਨ ਅਰੋੜਾ ਨੇ ਕਿਹਾ ਕਿ ਮਾਂ-ਬਾਪ ਦੇ ਸਹਿਯੋਗ ਨਾਲ ਹੀ ਉਹ ਇਸ ਮੁਕਾਮ 'ਤੇ ਪੁੱਜੀ ਹੈ। ਉਸ ਨੇ ਦੱਸਿਆ ਕਿ ਉਸ ਦੀ ਜਨਮ ਭੂਮੀ ਅਜਿਹੀ ਹੈ, ਜਿਥੇ ਮੁਢਲੀ ਸਿੱਖਿਆ ਤੋਂ ਬਾਅਦ ਹੀ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀਆਂ 3 ਭੈਣਾਂ ਤੇ ਇਕ ਭਰਾ ਹੈ। ਕੰਚਨ ਅਰੋੜਾ ਨੇ ਦੱਸਿਆ ਕਿ ਸਰਕਾਰ ਦੇ ਮਹੱਤਵਪੂਰਨ ਵਿਭਾਗ ਬਾਲ ਸੁਰੱਖਿਆ 'ਚ ਜ਼ਰੂਰਤਮੰਦ ਬੱਚਿਆਂ ਦੇ ਭਵਿੱਖ ਦੀ ਉਸਾਰੀ ਲਈ ਇਕ ਸਹਾਰਾ ਬਣਨਾ ਚਾਹੁੰਦੀ ਹੈ। 


Related News