1 ਲੱਖ ਤੋਂ ਵੱਧ ਮਿੱਟੀ ਦੀਆਂ ਬੋਰੀਆਂ ਨਾਲ ਭਰਿਆ ਜਾਵੇਗਾ ਪਾੜ, ਧੁੱਸੀ ਬੰਨ੍ਹ ਬੰਨ੍ਹਣ ਦਾ ਕੰਮ ਅੰਤਿਮ ਪੈੜਾਂ 'ਤੇ ਪੁੱਜਾ

07/15/2023 12:32:19 PM

ਜਲੰਧਰ (ਚੋਪੜਾ)–ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿਚ ਪਏ ਮੋਹਲੇਧਾਰ ਮੀਂਹ ਕਾਰਨ ਸਤਲੁਜ ਦਰਿਆ ਦੇ ਉੱਫਾਨ ਨਾਲ ਫਿਲੌਰ, ਸ਼ਾਹਕੋਟ, ਲੋਹੀਆਂ ਦੇ ਪਿੰਡਾਂ ਵਿਚ ਭਰਿਆ ਪਾਣੀ 5ਵੇਂ ਦਿਨ ਵੀ ਆਪਣਾ ਪ੍ਰਕੋਪ ਵਿਖਾਉਂਦਾ ਰਿਹਾ। ਧੁੱਸੀ ਬੰਨ੍ਹ ਵਿਚ ਪਏ ਪਾੜ ਕਾਰਨ ਪਾਣੀ ਦੇ ਵਹਾਅ ਨੂੰ ਰੋਕਿਆ ਨਹੀਂ ਜਾ ਸਕਿਆ ਪਰ ਰਾਹਤ ਕੰਮ ਬਾਦਸਤੂਰ ਜਾਰੀ ਹਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੰਸਦ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਪਿੰਡ ਵਾਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸੰਤ ਸੀਚੇਵਾਲ ਦੀ ਸੰਗਤ ਅਤੇ ਵਾਲੰਟੀਅਰ ਲਗਾਤਾਰ ਬੰਨ੍ਹ ਦੇ ਪਾੜ ਨੂੰ ਭਰਨ ਵਿਚ ਜੁਟੇ ਹੋਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪਾਣੀ ਵਿਚ ਡੁੱਬੇ ਪਿੰਡਾਂ ਵਿਚ ਪਾਣੀ ਦੀਆਂ ਬੋਤਲਾਂ, ਖਾਧ ਪਦਾਰਥ ਅਤੇ ਹੋਰ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਨੂੰ ਸਮਝਾ ਕੇ ਰਾਹਤ ਕੈਂਪਾਂ ਤਕ ਲਿਆਉਣ ਵਿਚ ਐੱਨ. ਡੀ. ਆਰ. ਐੱਫ਼. ਅਤੇ ਫ਼ੌਜ ਦੀਆਂ ਟੁਕੜੀਆਂ ਸਮੇਤ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ‘ਆਪ’ ਨੇਤਾ ਲਗਾਤਾਰ ਜੁਟੇ ਰਹੇ ਪਰ ਪਾਣੀ ਭਰਨ ਦੇ ਬਾਵਜੂਦ ਲੋਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਘਾਟ ਆਉਣ ਲੱਗੀ ਹੈ। ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਲਈ ਚਾਰਾ ਅਤੇ ਗੰਦਗੀ ਅਤੇ ਬਦਬੂ ਮਾਰਦੇ ਪਾਣੀ ਕਾਰਨ ਆਉਣ ਵਾਲੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਸੇ ਤਾਂ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੇ ਆਪਣੀਆਂ ਟੀਮਾਂ ਰਾਹਤ ਕਾਰਜਾਂ ਵਿਚ ਲਗਾ ਰੱਖੀਆਂ ਹਨ ਪਰ ਪੀੜਤ ਪਰਿਵਾਰਾਂ ਵਿਚ ਉਲਟੀ, ਦਸਤ, ਬੁਖ਼ਾਰ, ਚਮੜੀ ਰੋਗ ਸਮੇਤ ਹੋਰ ਦਿੱਕਤਾਂ ਸਾਹਮਣੇ ਆਉਣ ਲੱਗੀਆਂ ਹਨ। ਉਥੇ ਹੀ ਜਿਨ੍ਹਾਂ ਪਿੰਡਾਂ ਵਿਚ ਲੋਕਾਂ ਨੇ ਆਪਣੇ ਘਰਾਂ ਨੂੰ ਨਹੀਂ ਛੱਡਿਆ, ਉਨ੍ਹਾਂ ਦੇ ਪਸ਼ੂਆਂ ਨੂੰ ਵੀ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਡੁੱਬਦੇ ਆਸ਼ਿਆਨਿਆਂ ਨੂੰ ਵੇਖ ਝਿੰਜੋੜੇ ਗਏ ਦਿਲ, ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ’ਚ ਵੜਿਆ ਪਾਣੀ

PunjabKesari

ਕਈ ਪਿੰਡਾਂ ਦੇ ਹਾਲਾਤ ਅਜਿਹੇ ਬਦਤਰ ਹੋ ਰਹੇ ਹਨ ਕਿ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਜੀਵਨ ਦੁਸ਼ਵਾਰ ਹੋ ਚੁੱਕਾ ਹੈ ਪਰ ਲੋਕਾਂ ਦੀ ਆਪਣੀ ਜੀਵਨ ਭਰ ਦੀ ਕਮਾਈ ਨਾਲ ਬਣਾਏ ਘਰਾਂ ਅਤੇ ਖੇਤਾਂ ਨੂੰ ਛੱਡ ਕੇ ਨਾ ਜਾਣ ਦੀ ਜ਼ਿੱਦ ਕਾਰਨ ਰਾਹਤ ਪ੍ਰਬੰਧਾਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ 9 ਜੁਲਾਈ ਨੂੰ ਹੀ ਦਰਿਆ ਅਤੇ ਪਾਣੀ ਦੇ ਵਧਦੇ ਪੱਧਰ ਅਤੇ ਮੋਹਲੇਧਾਰ ਮੀਂਹ ਨੂੰ ਦੇਖਦਿਆਂ 50 ਹੇਠਲੇ ਅਤੇ ਹੜ੍ਹ ਸੰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ, ਜਿਨ੍ਹਾਂ ਵਿਚੋਂ ਬੂੜੇਵਾਲ, ਚੱਕ ਹਾਥੀਵਾਲਾ, ਨਾਰੰਗਪੁਰ, ਪਰਜੀਆ ਖ਼ੁਰਦ, ਗੋਹਲਣ, ਭੱਦੋ, ਦਾਨੇਵਾਲ, ਬਾਊਪੁਰ, ਸਾਹਲਾਪੁਰ, ਨਸੀਰਪੁਰ, ਮੰਡਾਲਾ, ਮੁੰਡੀ ਕਾਲੂ, ਕੁਤਬੀਵਾਲ, ਗਿੱਦੜਪਿੰਡੀ, ਯੂਸੁਫ਼ਪੁਰ, ਆਲੇਵਾਲ, ਯੂਸੁਫਪੁਰ ਦਾਰੇਵਾਲ ਅਤੇ ਚੱਕ ਯੂਸੁਫ਼ਪੁਰ ਆਲੇਵਾਲ ਸਮੇਤ ਹੋਰ ਪਿੰਡ ਸ਼ਾਮਲ ਹਨ। ਪਿੰਡਾਂ ਵਿਚ ਪਾਣੀ ਭਰਨ ਤੋਂ ਬਾਅਦ ਹਾਲਾਤ ਉਸ ਸਮੇਂ ਬਦਤਰ ਹੋਏ, ਜਦੋਂ ਧੁੱਸੀ ਬੰਨ੍ਹ ਉਨ੍ਹਾਂ 2 ਥਾਵਾਂ ਤੋਂ ਟੁੱਟ ਗਿਆ, ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਪਿੰਡ ਨਸੀਰਪੁਰ ਵਿਚ ਲਗਭਗ 70 ਫੁੱਟ ਦਾ ਪਾੜ ਭਰਨ ਵਿਚ ਸੰਤ ਸੀਚੇਵਾਲ ਅਤੇ ਉਨ੍ਹਾਂ ਦੀ ਸੰਗਤ ਸਮੇਤ ਹੋਰ ਲੋਕ ਦਿਨ-ਰਾਤ ਕੰਮ ਕਰ ਰਹੇ ਹਨ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਇਸ ਪਾੜ ਨੂੰ ਭਰਨ ਵਿਚ ਇਕ ਲੱਖ ਤੋਂ ਜ਼ਿਆਦਾ ਮਿੱਟੀ ਦੀਆਂ ਬੋਰੀਆਂ ਲੱਗਣਗੀਆਂ ਅਤੇ ਇਸ ਕੰਮ ਵਿਚ 5-6 ਦਿਨ ਹੋਰ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਹਤ ਕੰਮਾਂ ਵਿਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਏ. ਡੀ. ਸੀ., ਐੱਸ. ਡੀ. ਐੱਮ., ਤਹਿਸੀਲਦਾਰਾਂ ਸਮੇਤ ਸਮੁੱਚਾ ਪ੍ਰਸ਼ਾਸਨਿਕ ਅਮਲਾ ਵੀ ਦਿਨ-ਰਾਤ ਰਾਹਤ ਪ੍ਰਬੰਧਾਂ ਵਿਚ ਜੁਟਿਆ
ਜ਼ਿਲ੍ਹੇ ਵਿਚ ਮੋਹਲੇਧਾਰ ਮੀਂਹ ਅਤੇ ਹਿਮਾਚਲ ਤੋਂ ਆਏ ਪਾਣੀ ਦੇ ਵਹਾਅ ਕਾਰਨ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਪਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਮਾਂ ਰਹਿੰਦੇ ਹੀ ਰਾਹਤ ਪ੍ਰਬੰਧਾਂ ਨੂੰ ਸ਼ੁਰੂ ਕਰ ਦਿੱਤਾ ਸੀ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਮਹਾਜਨ ਨੂੰ ਸ਼ਾਹਕੋਟ ਬਲਾਕ ਦੇ ਇੰਚਾਰਜ, ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ) ਵਰਿੰਦਰਪਾਲ ਸਿੰਘ ਬਾਜਵਾ ਨੂੰ ਲੋਹੀਆਂ ਬਲਾਕ, ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਪਮੈਂਟ) ਨੂੰ ਫਿਲੌਰ ਅਤੇ ਸਕੱਤਰ ਜ਼ਿਲਾ ਪ੍ਰੀਸ਼ਦ ਨੂੰ ਮਹਿਤਪੁਰ ਬਲਾਕ ਦਾ ਇੰਚਾਰਜ ਲਗਾਇਆ ਸੀ। ਉਦੋਂ ਤੋਂ ਹੀ ਸਾਰੇ ਏ. ਡੀ. ਸੀਜ਼ ਜ਼ਿਲ੍ਹੇ ਨਾਲ ਸਬੰਧਤ ਐੱਸ. ਡੀ. ਐੱਮਜ਼ ਅਮਨਪਾਲ ਸਿੰਘ, ਵਿਕਾਸ ਹੀਰਾ, ਬਲਬੀਰ ਰਾਜ ਸਿੰਘ, ਰਿਸ਼ਭ ਅਤੇ ਸਾਰੇ ਤਹਿਸੀਲਦਾਰਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਦਿਨ-ਰਾਤ ਪਿੰਡਾਂ ਵਿਚ ਰਾਹਤ ਪਹੁੰਚਾਉਣ ਤੋਂ ਇਲਾਵਾ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਸਮੇਤ ਹੋਰ ਜ਼ਰੂਰੀ ਪ੍ਰਬੰਧਾਂ ਨੂੰ ਕਰਵਾਉਣ ਵਿਚ ਜੁਟੇ ਹੋਏ ਹਨ।

ਇਹ ਵੀ ਪੜ੍ਹੋ- ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਭਗਵੰਤ ਮਾਨ ਨੇ ਕੀਤਾ ਦੌਰਾ

ਹਰ ਜ਼ੁਬਾਨ ’ਤੇ ‘ਵਾਹਿਗੁਰੂ ਹੁਣ ਮਿਹਰ ਰੱਖਣਾ’
ਹੜ੍ਹ ਪ੍ਰਭਾਵਿਤ ਪਿੰਡ ਵਾਲਿਆਂ ਅਤੇ ਰਾਹਤ ਪ੍ਰਬੰਧਨ ਵਿਚ ਜੁਟੇ ਹਰੇਕ ਇਨਸਾਨ ਦੀ ਜ਼ੁਬਾਨ ’ਤੇ ਸਿਰਫ ਇਕ ਹੀ ਗੱਲ ਸੁਣਨ ਨੂੰ ਮਿਲਦੀ ਹੈ ‘ਵਾਹਿਗੁਰੂ ਹੁਣ ਮਿਹਰ ਰੱਖਣਾ।’ 2019 ਨੂੰ ਪੰਜਾਬ ਵਿਚ ਆਏ ਹੜ੍ਹ ਦਾ ਮੰਜ਼ਰ ਵੇਖ ਚੁੱਕੇ ਬਜ਼ੁਰਗ ਕਿਸਾਨ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਕੁਝ ਘੱਟ ਤਾਂ ਹੋਇਆ ਹੈ ਪਰ ਦੋਬਾਰਾ ਮੀਂਹ ਆਉਣ ਦੀ ਦਸਤਕ ਨਾਲ ਰੂਹ ਕੰਬ ਜਾਂਦੀ ਹੈ ਕਿਉਂਕਿ ਜੇਕਰ ਹੁਣ ਅਜਿਹੇ ਸਮੇਂ ਮੀਂਹ ਪਿਆ ਤਾਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਘਰ, ਖੇਤ ਪਾਣੀ ਵਿਚ ਡੁੱਬੇ ਹੋਏ ਹਨ। ਅਨੇਕਾਂ ਕੱਚੇ ਮਕਾਨ ਡਿੱਗ ਗਏ ਅਤੇ ਨੁਕਸਾਨੇ ਗਏ ਹਨ। ਸੈਂਕੜੇ ਲੇਕ ਬੇਘਰ ਹੋ ਚੁੱਕੇ ਹਨ। ਅਜਿਹੇ ਵਿਚ ਇਥੇ ਪ੍ਰਮਾਤਮਾ ਦਾ ਹੀ ਆਸਰਾ ਹੈ।

ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News