ਸਾਬਕਾ ਫ਼ੌਜੀ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋਲ਼ੀ, ਮੌਤ
02/21/2023 2:51:09 AM

ਮੁੱਲਾਂਪੁਰ ਦਾਖਾ (ਕਾਲੀਆ)-ਪਿੰਡ ਮੁੱਲਾਂਪੁਰ ਵਿਖੇ ਸੇਵਾ-ਮੁਕਤ ਹੋ ਕੇ ਆਏ ਫ਼ੌਜੀ ਜਵਾਨ ਚਰਨਜੀਵ ਸਿੰਘ ਖੁੱਲਰ ਪੁੱਤਰ ਬਲਕੇਸ਼ ਖੁੱਲਰ ਨੇ ਰਾਤ 9 ਵਜੇ ਦੇ ਕਰੀਬ ਖੁਦ ਨੂੰ ਕਮਰੇ ’ਚ ਬੰਦ ਕਰ ਕੇ ਆਪਣੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਚਰਨਜੀਵ ਖੁੱਲਰ ਰਿਸ਼ਤੇਦਾਰੀ ’ਚ ਸਿੱਧਵਾਂ ਬੇਟ ਵਿਆਹ ’ਤੇ ਗਿਆ ਸੀ ਅਤੇ ਰਾਤ ਨੂੰ ਘਰ ਪੁੱਜਾ ਸੀ। ਤਕਰੀਬਨ 9 ਵਜੇ ਉਸ ਨੇ ਆਪਣੇ ਘਰ ਦੇ ਕਮਰੇ ਦੀ ਕੁੰਡੀ ਲਗਾ ਲਈ ਅਤੇ ਆਪਣੀ ਰਿਵਾਲਵਰ ਨਾਲ ਪੁੜਪੁੜੀ ’ਚ ਗੋਲ਼ੀ ਮਾਰ ਲਈ, ਜਦਕਿ ਉਸ ਦੀ ਧਰਮਪਤਨੀ ਅਤੇ ਬੱਚੇ ਘਰ ’ਚ ਹੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਏ ਸੇਵਾ-ਮੁਕਤ, ਨਗਰ ਕੌਂਸਲ ਤੋਂ ਕੀਤੀ ਸੀ ਮੰਗ
ਅਚਾਨਕ ਗੋਲ਼ੀ ਚੱਲਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਕਮਰੇ ਅੰਦਰ ਗੋਲ਼ੀ ਚੱਲੀ ਹੈ। ਆਵਾਜ਼ਾਂ ਮਾਰਨ ’ਤੇ ਕੁੰਡਾ ਨਾ ਖੁੱਲ੍ਹਿਆ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਆ ਕੇ ਘਰ ਦਾ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਫ਼ੌਜੀ ਜਵਾਨ ਚਰਨਜੀਵ ਖੁੱਲਰ ਖੂਨ ਨਾਲ ਲਥਪਥ ਸੀ। ਗੋਲ਼ੀ ਉਸ ਨੇ ਕਿਉਂ ਮਾਰੀ, ਇਸ ਸਬੰਧੀ ਅਜੇ ਪਤਾ ਨਹੀਂ ਲੱਗ ਸਕਿਆ। ਇਥੇ ਦੱਸਣਾਯੋਗ ਹੈ ਕਿ ਮ੍ਰਿਤਕ ਚਰਨਜੀਵ ਖੁੱਲਰ 2019 ’ਚ ਫ਼ੌਜ ਤੋਂ ਰਿਟਾਇਰ ਹੋ ਕੇ ਆਇਆ ਸੀ ਅਤੇ ਹੁਣ ਲੁਧਿਆਣਾ ਵਿਖੇ ਹੌਜ਼ਰੀ ’ਚ ਸਕਿਓਰਿਟੀ ਗਾਰਡ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ ਘਟਨਾ ਸਥਾਨ ’ਤੇ ਪੁੱਜੇ ਅਤੇ ਵਿਭਾਗੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ ਕਬਜ਼ੇ ’ਚ ਲੈ ਲਈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਭਾਰਤੀ ਖੇਤਰ ’ਚ ਮੁੜ ਦਾਖ਼ਲ ਹੋਇਆ ਡਰੋਨ