ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਪਹਿਲੀ ਵਿਸ਼ੇਸ਼ ਰੇਲ ਗੱਡੀ ਗੌਂਡਾ ਲਈ ਰਵਾਨਾ

Thursday, May 07, 2020 - 08:43 PM (IST)

ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਸ਼ਾਮ ਅੰਮ੍ਰਿਤਸਰ ਤੋਂ ਪਹਿਲੀ ਰੇਲ ਗੱਡੀ ਗੌਂਡਾ ਲਈ ਰਾਵਾਨਾ ਹੋ ਗਈ। ਇਸ ਰੇਲ ਗੱਡੀ 'ਚ ਗਏ ਕਰੀਬ 1180 ਮੁਸਾਫਿਰਾਂ ਨੂੰ ਉਨ੍ਹਾਂ ਦੇ ਘਰਾਂ, ਜੋ ਕਿ ਜਿਲ੍ਹੇ ਦੇ ਸਾਰੇ ਹਿੱਸਿਆਂ 'ਚੋਂ ਸਨ, ਤੋਂ ਲੈ ਕੇ ਰੇਲ ਗੱਡੀ 'ਚ ਚੜਾਉਣ ਤੱਕ ਦਾ ਸਾਰਾ ਪ੍ਰਬੰਧ ਕੀਤਾ ਗਿਆ। ਖਾਸ ਗੱਲ ਇਹ ਰਹੀ ਕਿ ਡਾਕਟਰੀ ਨਿਰੀਖਣ, ਟਿਕਟ ਚੈਕਿੰਗ, ਖਾਣਾ ਮੁਹੱਇਆ ਕਰਵਾਉਣ ਅਤੇ ਪਲੇਟਫਾਰਮ ਤੋਂ ਰੇਲ ਗੱਡੀ 'ਚ ਚੜਾਉਣ ਤੱਕ ਕਿਧਰੇ ਵੀ ਮਜ਼ਦੂਰਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਤੇ ਨਾ ਹੀ ਕਿਸੇ ਪ੍ਰਵਾਸੀ ਨੂੰ ਇਸ ਲਈ ਕੋਈ ਪੈਸਾ ਖਰਚ ਕਰਨਾ ਪਿਆ, ਜਿਸ ਸਦਕਾ ਇਹ ਯਾਤਰਾ ਬੜੀ ਸੁਰੱਖਿਅਤ ਸ਼ੁਰੂ ਹੋਈ। ਸਟੇਸ਼ਨ 'ਤੇ ਪਹੁੰਚ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦਿਨੇਸ਼ ਬੱਸੀ ਨੇ ਜਿੱਥੇ ਆਪ ਪ੍ਰਵਾਸੀਆਂ ਨੂੰ ਲੰਗਰ ਤੇ ਪਾਣੀ ਵੰਡਿਆ ਉੱਥੇ ਆਪਸੀ ਦੂਰੀ ਤੇ ਮਾਸਕ ਵਰਗੀਆਂ ਸਾਵਧਾਨੀਆਂ ਪ੍ਰਤੀ ਵੀ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਵੀ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ 'ਤੇ ਪਹੁੰਚੇ।
ਡਿਪਟੀ ਕਮਿਸ਼ਨਰ ਵੱਲੋਂ ਇਸ ਕੰਮ ਲਈ ਕੀਤੀ ਯੋਜਨਾਬੰਦੀ 'ਚ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ,  ਐਸ ਡੀ ਐਮਜ਼ ਸ਼੍ਰੀ ਵਿਕਾਸ ਹੀਰਾ, ਸ਼੍ਰੀ ਸ਼ਿਵਰਾਜ ਸਿੰਘ ਬੱਲ,  ਸ਼੍ਰੀਮਤੀ ਸੁਮਿਤ ਮੁਧ,  ਸ਼੍ਰੀਮਤੀ ਅਲਕਾ ਕਾਲੀਆ ਤੇ  ਸ਼੍ਰੀ ਦੀਪਕ ਭਾਟੀਆ ਅਤੇ ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਸ਼੍ਰੀ ਰਜਤ ਉਬਰਾਏ ਤੇ ਸਹਾਇਕ ਕਮਿਸ਼ਨਰ  ਸ਼੍ਰੀਮਤੀ ਅਨਮਜੋਤ ਕੌਰ ਵੱਲੋਂ ਬਾਖੂਬ ਸੇਵਾਵਾਂ ਨਿਭਾਈਆਂ ਗਈਆਂ।  ਸ਼੍ਰੀ ਹਿਮਾਸ਼ੂੰ ਅਗਰਵਾਲ ਅਤੇ  ਸ਼੍ਰੀਮਤੀ ਕੋਮਲ ਮਿੱਤਲ ਨੇ ਡਾਕਟਰੀ ਨਿਰੀਖਣ ਲਈ ਬਣਾਏ ਸਾਰੇ ਕੇਂਦਰਾਂ ਅਤੇ ਰੇਲਵੇ ਸਟੇਸ਼ਨ 'ਤੇ ਕੀਤੀਆਂ ਤਿਆਰੀਆਂ ਖ਼ੁਦ ਜਾ ਕੇ ਵੇਖੀਆਂ।
ਰੇਲ ਗੱਡੀ 'ਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪ੍ਰਵਾਸੀਆਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਨੂੰ ਘਰਾਂ ਤੋਂ ਲਿਆ ਕੇ ਡਾਕਟਰੀ ਮੁਆਇਨਾ ਕਰਵਾ ਕੇ ਰੇਲ ਗੱਡੀ 'ਚ ਚੜਾਉਣ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ, ਜਿਸ ਸਦਕਾ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ। ਅੱਜ ਇਸ ਪਹਿਲੀ ਰੇਲ ਗੱਡੀ ਦੀ ਰਵਾਨਗੀ ਬੜੇ ਸਲੀਕੇ ਤੇ ਸੁਰੱਖਿਅਤ ਢੰਗ ਨਾਲ ਹੋਣ ਕਾਰਨ ਅਗਲੇ ਦਿਨਾਂ ਵਿਚ ਜਾਣ ਵਾਲੀਆਂ ਕਰੀਬ 60 ਰੇਲ ਗੱਡੀਆਂ, ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਇਥੋਂ ਜਾਣਗੀਆਂ ਵਾਸਤੇ ਕੰਮ ਅਸਾਨ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੇ ਕੋਲ ਕਰੀਬ 60 ਹਜ਼ਾਰ ਪ੍ਰਵਾਸੀਆਂ ਦਾ ਡਾਟਾ ਅੰਮ੍ਰਿਤਸਰ ਜਿਲ੍ਹੇ 'ਚੋਂ ਹੀ ਆਪਣੇ ਘਰਾਂ ਨੂੰ ਜਾਣ ਲਈ ਆਇਆ ਹੈ। ਇਸ ਲਈ ਸਾਰਿਆਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਸੰਦੇਸ਼ ਭੇਜ ਕੇ ਘਰੋਂ ਲੈਣ ਜਾ ਰਹੀ ਬੱਸ, ਉਸਦਾ ਸਮਾਂ, ਡਾਕਟਰੀ ਮੁਆਇਨਾ ਕਿੱਥੇ ਹੋਣਾ ਹੈ ਅਤੇ ਰੇਲ ਗੱਡੀ ਕਦੋਂ ਜਾਣੀ ਹੈ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਫੋਨ 'ਤੇ ਸੰਦੇਸ਼ ਨਹੀਂ ਗਿਆ ਉਹ ਕਾਹਲਾ ਨਾ ਪਵੇ ਅਤੇ ਅਗਲੀ ਗੱਡੀ ਦੀ ਉਡੀਕ ਕਰੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰੋ। ਘਰਾਂ ਨੂੰ ਪਰਤ ਰਹੇ ਪ੍ਰਵਾਸੀਆਂ ਦੇ ਚਿਹਰਿਆਂ 'ਤੇ ਖੁਸ਼ੀ ਦਾ ਆਲਮ ਵਿਖਾਈ ਦਿੱਤਾ, ਭਾਵੇਂ ਉਹ ਇੱਥੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾ ਰਹੀ ਮਦਦ ਤੋਂ ਸੰਤਸ਼ੁਟ ਸਨ, ਪਰ ਸੰਕਟ ਮੌਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਘਰਾਂ ਤੱਕ ਭੇਜਣ ਦੇ ਕੀਤੇ ਗਏ ਮੁਫ਼ਤ ਪ੍ਰਬੰਧਾਂ ਕਾਰਨ ਉਹ ਡਾਢੇ ਖੁਸ਼ ਸਨ।


Bharat Thapa

Content Editor

Related News