ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

Sunday, Dec 24, 2023 - 06:32 PM (IST)

ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਅੰਮ੍ਰਿਤਸਰ (ਦਲਜੀਤ)- ਅੰਮ੍ਰਿਤਸਰ ’ਚ ਇਸ ਸਾਲ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਲੰਡਨ ਦੀ ਰਹਿਣ ਵਾਲੀ 60 ਸਾਲਾ ਔਰਤ ਸਾਹ ਦੀ ਸਮੱਸਿਆ ਕਾਰਨ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ। ਇਹ ਔਰਤ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ ਅਤੇ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ ਵਿਚ ਰੁਕੀ ਹੋਈ ਸੀ। ਇਸ ਔਰਤ ਦਾ ਪ੍ਰਾਈਵੇਟ ਲੈਬ ਤੋਂ ਆਰ. ਟੀ. ਪੀ. ਸੀ. ਆਰ. ਦੇ ਸੈਂਪਲ ਲੈ ਕੇ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਔਰਤ ਦਾ ਸਰਕਾਰੀ ਤੌਰ ’ਤੇ ਟੈਸਟ ਨਹੀਂ ਹੋਇਆ ਹੈ ਅਤੇ ਸਿਹਤ ਵਿਭਾਗ ਵੀ ਅਜੇ ਤੱਕ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।

ਜਾਣਕਾਰੀ ਅਨੁਸਾਰ ਲੰਡਨ ਤੋਂ ਆਈ ਔਰਤ ਨੂੰ ਤਿੰਨ ਦਿਨ ਪਹਿਲਾਂ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ ਅਤੇ ਉਸ ਨੂੰ ਬੁਖਾਰ ਵੀ ਸੀ। ਜਦੋਂ ਔਰਤ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਐਕਸਰੇ ਕਰਵਾਏ, ਜਿਸ ’ਚ ਨਿਮੋਨੀਆ ਅਤੇ ਹੋਰ ਵਾਇਰਸ ਦੇ ਲੱਛਣ ਦਿਖਾਈ ਦਿੱਤੇ। ਇਸ ਤੋਂ ਬਾਅਦ ਇਕ ਪ੍ਰਾਈਵੇਟ ਲੈਬ ਤੋਂ ਔਰਤ ਦਾ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਪੰਜਾਬ ਦੇ ਕੋਰੋਨਾ ਵਾਇਰਸ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਣਜਾਣਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੋਈ ਪਾਜ਼ੇਟਿਵ ਕਿਵੇਂ ਆਇਆ ਹੈ, ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ, ਡਾਕਟਰਾਂ ਤੇ ਸਟਾਫ਼ ਨੂੰ ਦਿੱਤੀ ਇਹ ਹਦਾਇਤ

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਹੀ ਪਹਿਲਾ ਕੇਸ ਪਾਜ਼ੇਟਿਵ ਆਇਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਸੀ ਕਿ ਇਸ ਕੇਸ ਨੂੰ ਪਾਜ਼ੇਟਿਵ ਐਲਾਨਿਆ ਜਾਵੇਗਾ, ਜਿਸ ਦਾ ਟੈਸਟ ਸਰਕਾਰੀ ਮੈਡੀਕਲ ਕਾਲਜ ਦੀ ਲੈਬਾਰਟਰੀ ਜਾਂ ਸਰਕਾਰੀ ਲੈਬਾਰਟਰੀ ’ਚ ਕੀਤਾ ਜਾਵੇਗਾ ਪਰ ਵਿਦੇਸ਼ ਤੋਂ ਆਈ ਮਹਿਲਾ ਦਾ ਟੈਸਟ ਪ੍ਰਾਈਵੇਟ ਲੈਬਾਰਟਰੀ ਵਿੱਚ ਕੀਤਾ ਗਿਆ ਹੈ।

ਸਿਹਤ ਵਿਭਾਗ ਅਜੇ ਵੀ ਔਰਤ ਦਾ ਸ਼ੱਕੀ ਮਾਮਲਾ ਮੰਨ ਰਿਹਾ ਹੈ ਅਤੇ ਉਸ ਨੂੰ ਪਾਜ਼ੇਟਿਵ ਨਹੀਂ ਦੱਸ ਰਿਹਾ ਹੈ। ਇਕ ਪਾਸੇ ਵਿਭਾਗ ਵਾਇਰਸ ਸਬੰਧੀ ਅਲਰਟ ਹੋ ਗਿਆ ਹੈ ਅਤੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ, ਉਥੇ ਹੀ ਦੂਜੇ ਪਾਸੇ ਸਿਵਲ ਸਰਜਨ ਡਾ. ਵਿਜੇ ਕੁਮਾਰ ਖੁਦ ਸਰਕਾਰੀ ਛੁੱਟੀ ਤੋਂ ਬਾਅਦ ਦੇਰ ਸ਼ਾਮ ਤੱਕ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲਾਂ ਦਾ ਮੁਆਇਨਾ ਕਰਦੇ ਨਜ਼ਰ ਆਏ ਅਤੇ ਸੇਵਾਵਾਂ ਦਾ ਜਾਇਜ਼ਾ ਲੈਂਦੇ ਰਹੇ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਠੰਡ ’ਚ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਜਦੋਂ ਭਾਰਤ ਵਿਚ ਇਹ ਵਾਇਰਸ ਸ਼ੁਰੂ ਹੋਇਆ ਤਾਂ ਪੰਜਾਬ ਦੇ ਹੁਸ਼ਿਆਰਪੁਰ ਦੇ ਵਸਨੀਕ, ਜੋ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਆਇਆ ਸੀ, ਦਾ ਪਹਿਲਾ ਪਾਜ਼ੇਟਿਵ ਕੇਸ ਆਇਆ ਸੀ ਅਤੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ- ਪੁਲਸ ਐਨਕਾਊਂਟਰ 'ਚ ਜ਼ਖ਼ਮੀ ਗੈਂਗਸਟਰ ਰਾਜੂ ਦੀ ਕੱਟਣੀ ਪੈ ਸਕਦੀ ਹੈ ਲੱਤ, ਪੀ.ਜੀ.ਆਈ ਰੈਫ਼ਰ

ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਸਰਹੱਦ ਆਦਿ ਹੋਣ ਕਾਰਨ ਇੱਥੇ ਵਾਇਰਸ ਫ਼ੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੀ ਦਹਿਸ਼ਤ ਦੌਰਾਨ ਕੋਰੋਨਾ ਵਾਇਰਸ ਅੰਮ੍ਰਿਤਸਰ ਦੇ 1849 ਲੋਕਾਂ ਦੀਆਂ ਕੀਮਤੀ ਜਾਨਾਂ ਲੈ ਚੁੱਕਾ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੌਰਾਨ 21,87,952 ਲੋਕਾਂ ਦੀ ਟੈਸਟਿੰਗ ਕੀਤੀ ਗਈ ਸੀ, ਜਿਨ੍ਹਾਂ ’ਚੋਂ 21,26,476 ਲੋਕ ਨੈਗੇਟਿਵ ਪਾਏ ਗਏ ਸਨ, ਜਦਕਿ 61476 ਮਰੀਜ਼ ਪਾਜ਼ੇਟਿਵ ਪਾਏ ਗਏ ਸਨ। 

ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਨੂੰ ਮੋਦੀ ਸਰਕਾਰ ਵੱਲੋਂ 'ਵੰਦੇ ਭਾਰਤ' ਰੇਲ ਦਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News