ਵੇਲਣੇ ''ਤੇ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ
Friday, Apr 20, 2018 - 04:21 AM (IST)

ਹਾਜੀਪੁਰ/ਮੁਕੇਰੀਆਂ, (ਜੋਸ਼ੀ, ਜੱਜ)- ਹਾਜੀਪੁਰ-ਮੁਕੇਰੀਆਂ ਰੋਡ 'ਤੇ ਪੈਂਦੇ ਅੱਡਾ ਦਗਨ ਵਿਖੇ ਇਕ ਪ੍ਰਵਾਸੀ ਵਿਅਕਤੀ ਵੱਲੋਂ ਲਾਏ ਗੰਨਾ ਪੀੜਨ ਵਾਲੇ ਵੇਲਣੇ ਨਜ਼ਦੀਕ ਪਏ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਕੀਮਤੀ ਸਾਮਾਨ ਤੋਂ ਇਲਾਵਾ 20 ਹਜ਼ਾਰ ਰੁਪਏ ਦੀ ਨਕਦੀ ਵੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੇਲਣੇ ਦੇ ਮਾਲਕ ਸਤਪਾਲ ਪੁੱਤਰ ਸੇਵਾ ਰਾਮ ਹਾਲ ਵਾਸੀ ਪਿੰਡ ਦਗਨ ਥਾਣਾ ਹਾਜੀਪੁਰ ਨੇ ਦੱਸਿਆ ਕਿ ਇਸ ਅੱਗ ਨੇ ਸਭ ਤੋਂ ਪਹਿਲਾਂ ਰਹਿਣ ਵਾਲੀ ਕੁੱਲੀ ਨੂੰ ਆਪਣੀ ਲਪੇਟ 'ਚ ਲਿਆ ਤੇ ਕੁੱਲੀ 'ਚ ਪਏ 20 ਹਜ਼ਾਰ ਰੁਪਏ ਨਕਦ, ਗੁੜ, ਹੀਰੋ ਹਾਂਡਾ ਮੋਟਰਸਾਈਕਲ, ਭਾਰ ਢੋਣ ਵਾਲੇ ਰਿਕਸ਼ੇ ਤੋਂ ਇਲਾਵਾ ਹੋਰ ਵੀ ਕਈ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।
ਇਸ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਪਰ ਨਜ਼ਦੀਕੀ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਜਦੋ ਜਹਿਦ ਕੀਤੀ। ਇਸ ਬੇਕਾਬੂ ਅੱਗ 'ਤੇ ਤਲਵਾੜਾ ਬੀ. ਬੀ. ਐੱਮ. ਬੀ. ਤੋਂ ਆਏ ਫਾਇਰ ਬ੍ਰਿਗੇਡ ਨੇ ਆ ਕੇ ਕਾਬੂ ਪਾਇਆ। ਇਸ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਐੱਸ. ਐੱਚ. ਓ. ਥਾਣਾ ਹਾਜੀਪੁਰ ਰਣਜੀਤ ਸਿੰਘ ਨੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ।