ਅੰਗਹੀਣਾਂ ਕੀਤਾ ਪੰਜਾਬ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ
Monday, Dec 04, 2017 - 07:37 AM (IST)
ਮਾਨਸਾ, (ਜੱਸਲ)- ਅੱਜ ਕੌਮਾਂਤਰੀ ਅੰਗਹੀਣ ਦਿਹਾੜੇ ਮੌਕੇ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਅੰਗਹੀਣ ਵਰਗ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਹੱਲ ਕਰਨ ਪ੍ਰਤੀ ਪੰਜਾਬ ਸਰਕਾਰ ਦੇ ਨਾਕਾਰਾਤਮਕ ਰਵੱਈਏ ਵਿਰੁੱਧ ਅੰਗਹੀਣਾਂ ਨੇ ਡੀ. ਸੀ. ਦਫ਼ਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਪਹਿਲਾਂ ਸਥਾਨਕ ਬਾਲ ਭਵਨ ਵਿਖੇ ਇਕੱਤਰ ਅੰਗਹੀਣਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਅਵਿਨਾਸ਼ ਸ਼ਰਮਾ ਅਤੇ ਜ਼ਿਲਾ ਵਿੱਤ ਸਕੱਤਰ ਗੁਰਸੇਵਕ ਬਹਿਣੀਵਾਲ ਨੇ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਸਰੀਰਕ ਤੇ ਵਿੱਦਿਅਕ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੇਣ, ਪੈਨਸ਼ਨ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਕਰਨ ਸਮੇਤ ਉਨ੍ਹਾਂ ਦੇ ਜੀਵਨ ਦੀਆਂ ਹੋਰਨਾਂ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੇ ਜਾਣ ਦੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਆਪਣੇ 9 ਮਹੀਨਿਆਂ ਦੇ ਕਾਰਜਕਾਲ ਦੌਰਾਨ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦੇ ਵਿਰੋਧ 'ਚ ਅੱਜ ਅਰਥੀ ਫੂਕ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਅੱਜ ਵਿਸ਼ਵ ਭਰ 'ਚ ਸਰਕਾਰਾਂ ਵੱਲੋਂ ਅੰਗਹੀਣਾਂ ਨਾਲ ਸਬੰਧਤ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਇਨ੍ਹਾਂ ਦਿਹਾੜਿਆਂ ਮੌਕੇ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਦੇ ਵਜ਼ੀਰਾਂ ਨੇ ਉਨ੍ਹਾਂ ਦੀ ਝੋਲੀ 'ਚ ਵਿਚਾਰੇਪਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਇਆ। ਆਗੂਆਂ ਨੇ ਕਿਹਾ ਕਿ ਅੰਗਹੀਣ ਮਸਲਿਆਂ ਦੇ ਹੱਲ ਸਬੰਧੀ ਐਸੋਸੀਏਸ਼ਨ ਵੱਲੋਂ 15 ਅਗਸਤ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਦੇ ਸਬੰਧ 'ਚ ਵਿੱਤ ਮੰਤਰੀ ਨੇ ਜਲਦੀ ਹੀ ਇਕ ਮੀਟਿੰਗ ਸੱਦ ਕੇ ਅੰਗਹੀਣਾਂ ਦੀਆਂ ਸਾਰੀਆਂ ਮੁਸ਼ਕਲਾਂ ਤੇ ਮੰਗਾਂ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਨਾ ਤਾਂ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ ਅਤੇ ਨਾ ਹੀ ਅੰਗਹੀਣਾਂ ਦੀਆਂ ਮੁਸ਼ਕਲਾਂ ਹੱਲ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਹੈ, ਜਿਸ ਤੋਂ ਸਮੁੱਚਾ ਅੰਗਹੀਣ ਵਰਗ ਖਫ਼ਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਗਹੀਣਾਂ ਦੀਆਂ ਮੁਸ਼ਕਲਾਂ ਹੱਲ ਨਾ ਕੀਤੀਆਂ ਗਈਆਂ ਤਾਂ ਉਹ 8 ਦਸੰਬਰ ਨੂੰ ਹੋਣ ਜਾ ਰਹੀ ਮੀਟਿੰਗ 'ਚ ਵਿੱਤ ਮੰਤਰੀ ਦੇ ਬਠਿੰਡਾ ਵਿਖੇ ਸਥਿਤ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੇ। ਇਸ ਮੌਕੇ ਵੀਰ ਸਿੰਘ ਬੋੜਾਵਾਲ, ਗਮਦੂਰ ਸਿੰਘ, ਗੁਰਜੰਟ ਦੋਦੜਾ, ਲਾਭ ਸਿੰਘ, ਕ੍ਰਿਸ਼ਨ ਸਿੰਘ, ਨਾਜਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਜੋਤੀ ਸ਼ਰਮਾ, ਤਨੁਜਾ ਰਾਣੀ, ਕਮਲਜੀਤ ਕੌਰ ਅਤੇ ਸਿਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ।
