ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਈ ਨਵੀਂ ਰਾਹ

Monday, Aug 07, 2023 - 10:58 AM (IST)

ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਈ ਨਵੀਂ ਰਾਹ

ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦਾ ਖੇਤੀ ਮਾਡਲ ਕਿਸਾਨਾਂ ਨੂੰ ਕਰਜ਼ਾ ਮੁਕਤ, ਵਾਤਾਵਰਣ ਪੱਖੀ ਅਤੇ ਲਾਹੇਵੰਦੀ ਖੇਤੀ ਦੀ ਜਾਂਚ ਦੱਸਦਾ ਹੈ। ਕੇਵਲ 5 ਏਕੜ ਦੀ ਮਾਲਕੀ ਵਾਲੇ ਇਸ ਮਿਹਨਤੀ ਕਿਸਾਨ ਨੇ ਲੀਕ ਤੋਂ ਹਟ ਕੇ ਖ਼ੇਤੀ ਕਰਦਿਆਂ ਅਜਿਹੀ ਉਦਾਹਰਨ ਪੇਸ਼ ਕੀਤੀ ਹੈ ਕਿ ਹੁਣ ਦੂਰੋਂ-ਦੂਰੋਂ ਕਿਸਾਨ ਉਸਦੇ ਖੇਤੀ ਮਾਡਲ ਨੂੰ ਦੇਖਣ ਆਉਂਦੇ ਹਨ। ਬਟਾਲਾ ਸ਼ਹਿਰ ਦੇ ਨੇੜੇ ਗੁਰਦਾਸਪੁਰ ਬਾਈਪਾਸ ਕੋਲ ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੀ ਜ਼ਮੀਨ ਜਰਨੈਲੀ ਸੜਕ ਦੇ ਬਿਲਕੁਲ ਨਾਲ ਲੱਗਦੀ ਹੈ। ਕੁਲਜਿੰਦਰ ਸਿੰਘ ਵੀ ਪਹਿਲਾਂ ਆਮ ਕਿਸਾਨਾਂ ਵਾਂਗ ਕਣਕ ਅਤੇ ਝੋਨੇ ਦੀ ਬਿਜਾਈ ਹੀ ਕਰਦਾ ਸੀ। ਇਸ ਫ਼ਸਲੀ ਚੱਕਰ ਦੇ ਗੇੜ ’ਚੋਂ ਉਸ ਨੂੰ ਕੋਈ ਬਹੁਤੀ ਬੱਚਤ ਨਾ ਹੋਈ। ਆਖਿਰ ਕੁਝ ਨਵਾਂ ਕਰਨ ਦੀ ਸੋਚ ਕੇ ਕਿਸਾਨ ਕੁਲਜਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਤੇ ਪ੍ਰੇਰਨਾ ਨਾਲ ਉਸਨੇ ਸਭ ਤੋਂ ਪਹਿਲਾਂ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਆਪਣਾ ਰਕਬਾ ਕੱਢ ਕੇ ਸਬਜ਼ੀਆਂ, ਕਮਾਦ, ਬਾਗਬਾਨੀ, ਹਲਦੀ ਦੀ ਖੇਤੀ, ਅਚਾਰ, ਗੁੜ ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਲਈ ਉਸਨੇ ਬਕਾਇਦਾ ਖੇਤੀਬਾੜੀ ਵਿਭਾਗ ਕੋਲੋਂ ਸਿਖਲਾਈ ਵੀ ਲਈ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ

ਇਸ ਸਮੇਂ ਕਿਸਾਨ ਕੁਲਜਿੰਦਰ ਸਿੰਘ ਦੇ ਖੇਤਾਂ ’ਚ ਇਕ ਏਕੜ ਕਮਾਦ, ਡੇਢ ਏਕੜ ਬਾਸਮਤੀ, ਅੱਧਾ ਕਿੱਲਾ ਕਿੰਨੂ ਅਤੇ ਨਿੰਬੂ ਦੇ ਬਾਗ, ਇੱਕ ਏਕੜ ਗੋਭੀ, ਕੁਝ ਰਕਬੇ ’ਚ ਪਸ਼ੂਆਂ ਲਈ ਚਾਰਾ ਅਤੇ ਸ਼ਹਿਦ ਦੇ 45 ਬਕਸੇ ਹਨ। ਕਿਸਾਨ ਕੁਲਜਿੰਦਰ ਸਿੰਘ ਸਰਦੀਆਂ ਦੀ ਰੁੱਤ ’ਚ ਕਮਾਦ ਦੀ ਫਸਲ ਤੋਂ ਗੁੜ ਤਿਆਰ ਕਰਦੇ ਹਨ। ਇਸੇ ਤਰ੍ਹਾਂ ਉਹ ਹਲਦੀ ਅਤੇ ਸ਼ਹਿਦ ਨੂੰ ਪ੍ਰੋਸੈੱਸ ਕਰਕੇ ਉਸਦੀ ਪੈਕਿੰਗ ਕਰਕੇ ਵੇਚਦੇ ਹਨ। ਮੌਸਮ ਦੇ ਹਿਸਾਬ ਨਾਲ ਫ਼ਲ ਤੇ ਸਬਜ਼ੀਆਂ ਤੋਂ ਉਨ੍ਹਾਂ ਨੂੰ ਲਗਾਤਾਰ ਆਮਦਨ ਹੁੰਦੀ ਰਹਿੰਦੀ ਹੈ। ਕਿਸਾਨ ਕੁਲਜਿੰਦਰ ਸਿੰਘ ਦੀ ਉੱਪਜ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਫ਼ਸਲ ਉੱਪਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਦੇ ਅਤੇ ਉਨ੍ਹਾਂ ਦੇ ਉਤਪਾਦ ਪੂਰੀ ਤਰ੍ਹਾਂ ਆਰਗੈਨਿਕ ਹੁੰਦੇ ਹਨ।

ਇਹ ਵੀ ਪੜ੍ਹੋ- ਔਰਤਾਂ ’ਚ ਛਾਤੀ ਦੇ ਕੈਂਸਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ, ਇਸ ਜ਼ਿਲ੍ਹੇ 'ਚ ਰੋਜ਼ਾਨਾ 80 ਮਰੀਜ਼ਾਂ ਦੀ OPD

ਕਿਸਾਨ ਕੁਲਜਿੰਦਰ ਸਿੰਘ ਨੇ ਆਪਣੇ ਖੇਤਾਂ ’ਚ ਅੰਮ੍ਰਿਤਸਰ-ਪਠਾਨਕੋਟ ਜਰਨੈਲੀ ਸੜਕ ਉੱਪਰ ‘ਕਿਸਾਨ ਹੱਟ’ ਨਾਮ ਦਾ ਆਪਣਾ ਸੇਲਿੰਗ ਪੁਆਇੰਟ ਵੀ ਬਣਾਇਆ ਹੋਇਆ ਹੈ, ਜਿਥੇ ਉਹ ਆਪਣੇ ਖੇਤਾਂ ’ਚ ਤਿਆਰ ਉਤਪਾਦਾਂ ਨੂੰ ਵੇਚਦੇ ਹਨ। ਉਨ੍ਹਾਂ ਦੇ ਉਤਪਾਦ ਉੱਚ ਗੁਣਵੱਤਾ ਅਤੇ ਤਾਜ਼ਾ ਹੋਣ ਕਾਰਨ ਗਾਹਕ ਇੱਥੋਂ ਸਾਮਾਨ ਲੈਣ ਨੂੰ ਤਰਜੀਹ ਦਿੰਦੇ ਹਨ। ਕਿਸਾਨ ਕੁਲਜਿੰਦਰ ਸਿੰਘ ਸਾਰੀ ਖੇਤੀ ਆਪਣੇ ਹੱਥੀਂ ਕਰਦੇ ਹਨ। ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ ਉਸਨੇ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਇਹ ਖੇਤੀ ਮਾਡਲ ਅਪਣਾਇਆ ਹੈ, ਉਦੋਂ ਦੀ ਉਸਦੀ ਆਮਦਨ ਵੀ ਵਧੀ ਹੈ ਅਤੇ ਹੁਣ ਸਾਰਾ ਸਾਲ ਹੀ ਉਸ ਨੂੰ ਕਮਾਈ ਹੁੰਦੀ ਰਹਿੰਦੀ ਹੈ। ਉਸਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਹੋਰ ਫਸਲਾਂ ਦੀ ਵੀ ਬਿਜਾਈ ਕਰਨ, ਜਿਸ ਨਾਲ ਉਨ੍ਹਾਂ ਦੀ ਆਮਦਨੀ ’ਚ ਵੀ ਪਹਿਲਾਂ ਦੇ ਮੁਕਾਬਲੇ ਚੋਖਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ- ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News