ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਫਾੜ ਕੇ ਕੀਤੇ ਲੀਰੋ-ਲੀਰ

08/01/2021 8:03:05 PM

ਭਵਾਨੀਗੜ੍ਹ(ਵਿਕਾਸ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੀ ਕੇਂਦਰ ਅਤੇ ਭਾਜਪਾ ਆਗੂਆਂ ਨਾਲ ਨਾਰਾਜ਼ਗੀ ਜਾਰੀ ਹੈ। ਐਤਵਾਰ ਨੂੰ ਇੱਥੇ ਗੁੱਸੇ 'ਚ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਵਿੱਚ ਵੱਖ-ਵੱਖ ਚੌਕ ਚੁਰਾਹਿਆਂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਆਗੂਆਂ ਦੀਆਂ ਫੋਟੋਆਂ ਵਾਲੇ ਫਲੈਕਸ ਬੋਰਡ ਫਾੜ ਕੇ ਉਤਾਰ ਸੁੱਟੇ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਭਾਜਪਾ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਜੀਵਨ ਗਰਗ ਨੂੰ ਪਾਰਟੀ ਵੱਲੋਂ ਪਿਛਲੇ ਦਿਨੀਂ ਐੱਫ. ਸੀ. ਆਈ ਦਾ ਮੈਂਬਰ ਡਾਇਰੈਕਟਰ ਨਿਯੁਕਤ ਕੀਤਾ ਗਿਆ, ਨਿਯੁਕਤੀ 'ਤੇ ਖੁਸ਼ੀ ਜਾਹਿਰ ਕਰਦਿਆਂ ਸ਼ਹਿਰ ਵਿੱਚ ਕਈ ਥਾਵਾਂ 'ਤੇ ਪਾਰਟੀ ਦੇ ਸਥਾਨਕ ਆਗੂਆਂ ਤੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪਿਊਸ਼ ਚਾਵਲਾ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਫਲੈਕਸ ਹੋਰਡਿੰਗਜ਼ ਲਗਾਏ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਫਾੜਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਗੁਰਤੇਜ ਸਿੰਘ ਭੱਟੀਵਾਲ, ਨੈਬ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਭਿੰਦੀ ਸਿੰਘ, ਅਮਰੀਕ ਸਿੰਘ ਭੱਟੀਵਾਲ ਖ਼ੁਰਦ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 8 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਦੀ ਮੋਦੀ ਸਰਕਾਰ ਨਾਲ ਮੱਥਾ ਲਾ ਰਹੇ ਹਨ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਅਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ ਪਰਤੂੰ ਭਾਜਪਾ ਦੇ ਆਗੂ ਅਪਣੀਆਂ ਚੌਧਰਾਂ ਚਮਕਾਉਣ ਦੇ ਲਈ ਵੱਡੇ-ਵੱਡੇ ਫਲੈਕਸ ਬੋਰਡ ਲਾ ਕੇ ਖੁਸ਼ੀਆਂ ਮਨਾ ਕੇ ਕਿਸਾਨਾਂ ਦੇ ਜਖ਼ਮਾਂ 'ਤੇ ਲੂਣ ਭੁੱਕ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਸ ਸਮੇੰ ਤੱਕ ਕਿਸਾਨ ਸੂਬੇ ਵਿੱਚ ਭਾਜਪਾ ਆਗੂਆਂ ਨੂੰ ਸ਼ਹਿਰਾਂ ਤੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ ਤੇ ਉਨ੍ਹਾਂ ਦੇ ਫਲੈਕਸ ਬੋਰਡਾਂ ਨੂੰ ਫਾੜ ਕੇ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਸ਼ਹਿਰ ਦੇ ਬਲਿਆਲ ਰੋਡ, ਟਰੱਕ ਯੂਨੀਅਨ, ਰਾਮਪੁਰਾ ਰੋਡ ਨੇੜੇ ਅਤੇ ਹੋਰ ਥਾਵਾਂ ’ਤੇ ਭਾਜਪਾ ਆਗੂਆਂ ਦੇ ਲੱਗੇ ਬੋਰਡਾਂ ਨੂੰ ਫਾੜ ਕੇ ਲੋਹੇ ਦੇ ਫਰੇਮਾਂ ਨੂੰ ਉਖਾੜ ਕੇ ਸੁੱਟ ਦਿੱਤਾ ਗਿਆ।


Bharat Thapa

Content Editor

Related News