ਤੱਪਦੀ ਗਰਮੀ 'ਚ ਦੂਜੇ ਦਿਨ ਵੀ ਕਿਸਾਨਾਂ ਨੇ ਨੈਸ਼ਨਲ ਹਾਇਵੇ ਕੀਤਾ ਜਾਮ

Tuesday, May 18, 2021 - 08:30 PM (IST)

ਤੱਪਦੀ ਗਰਮੀ 'ਚ ਦੂਜੇ ਦਿਨ ਵੀ ਕਿਸਾਨਾਂ ਨੇ ਨੈਸ਼ਨਲ ਹਾਇਵੇ ਕੀਤਾ ਜਾਮ

ਭਵਾਨੀਗੜ੍ਹ,(ਵਿਕਾਸ,ਕਾਂਸਲ)- ਭਾਰਤ ਮਾਲਾ ਪ੍ਰੋਜੈਕਟ ਦੇ ਵਿਰੋਧ 'ਚ ਰੋਡ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਰੋਸ਼ਨਵਾਲਾ ਨੇੜੇ ਮੰਗਲਵਾਰ ਨੂੰ ਦੂਜੇ ਦਿਨ ਵੀ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਇਵੇ 'ਤੇ ਆਵਾਜਾਈ ਨੂੰ ਮੁਕੰਮਲ ਤੌਰ 'ਤੇ ਠੱਪ ਕਰਕੇ ਸੈਂਕੜੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਬਲਾਕ ਪ੍ਰਧਾਨ ਗੁਰਨੈਬ ਸਿੰਘ ਫੱਗੂਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਅਤੇ ਪੰਜਾਬ ਸਰਕਾਰ ਕੰਨਾਂ 'ਚ ਤੇਲ ਪਾ ਕੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੰਗਲਵਾਰ ਤੋਂ ਤੱਪਦੀ ਗਰਮੀ ਵਿੱਚ ਹਾਈਵੇ ਰੋਕ ਕੇ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਡਿੱਕੀ ਜੇਜੀ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਜਿਹੇ ਰਵੱਈਏ ਦੇ ਖਿਲਾਫ਼ ਕਿਸਾਨਾਂ ਵੱਲੋਂ ਬੁੱਧਵਾਰ ਨੂੰ ਹਰ ਹਾਲ ਵਿੱਚ ਸੁਨਾਮ ਰੋਡ ਨੂੰ ਵੀ ਜਾਮ ਕੀਤਾ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਵਾਲ, ਕਿਸਾਨ ਆਗੂ ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਮੰਗਵਾਲ, ਹਰਦੇਵ ਸਿੰਘ ਕੁਲਾਰਾਂ,  ਹਾਕਮ ਸਿੰਘ ਬਾਲਦ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਗੁਰਦੇਵ ਸਿੰਘ ਝਨੇੜੀ, ਜਗਤਾਰ ਸਿੰਘ ਬਰਾਸ ਪਟਿਆਲਾ, ਅਨੋਖ ਸਿੰਘ ਰੋਸ਼ਨਵਾਲਾ, ਸੁਖਦੇਵ ਸਿੰਘ ਭਲਵਾਨ, ਰਛਪਾਲ ਸਿੰਘ ਸੰਤੋਖਪੁਰਾ, ਜੋਗਾ ਸਿੰਘ ਫੱਗੂਵਾਲਾ, ਹਰਕ੍ਰਿਸ਼ਨ ਸਿੰਘ ਬਟਰਿਆਣਾ, ਅਮਰਜੀਤ ਸਿੰਘ ਕਪਿਆਲ, ਹਾਕਮ ਸਿੰਘ ਬਾਲਦ, ਕਰਮਜੀਤ ਸਿੰਘ ਢਿੱਲੋਂ, ਬੀਬੀ ਸੁਰਜੀਤ ਕੌਰ, ਦਰਸ਼ਨ ਸਿੰਘ ਲੱਡੀ, ਜਗਰੂਪ ਸਿੰਘ ਭਲਵਾਨ, ਕਰਨੈਲ ਸਿੰਘ ਸਮੇਤ ਜਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋੰ ਪਹੁੰਚੇ ਕਿਸਾਨਾਂ ਨੇ ਧਰਨੇ 'ਚ ਸ਼ਿਰਕਤ ਕੀਤੀ। ਓਧਰ ਮੰਗਲਵਾਰ ਨੂੰ ਪਿੰਡ ਬਲਿਆਲ ਵਿਖੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਸਿੰਘ ਨੇ ਧਰਨਾਕਾਰੀ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗ ਕੇ ਗੱਲਬਾਤ ਰਾਹੀੰ ਮਸਲਾ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਹਰ ਪੱਧਰ 'ਤੇ ਕਿਸਾਨਾਂ ਦੀ ਮੱਦਦ ਕੀਤੀ ਜਾ ਰਹੀ ਹੈ।


author

Bharat Thapa

Content Editor

Related News