ਪਰਿਵਾਰਕ ਮੈਂਬਰਾਂ ਨੇ ਲਾਸ਼ ਹਸਪਤਾਲ ਅੱਗੇ ਰੱਖ ਕੇ ਲਾਇਆ ਧਰਨਾ
Monday, Oct 09, 2017 - 06:59 AM (IST)

ਤਰਨਤਾਰਨ, (ਰਮਨ)- ਤਰਨਤਾਰਨ ਦੇ ਇਕ ਨਿੱਜੀ ਹਸਪਤਾਲ 'ਚ ਪਿੰਡ ਦੁਬਲੀ ਨਿਵਾਸੀ ਔਰਤ ਦੀ ਰਸੌਲੀ ਦੇ ਆਪ੍ਰੇਸ਼ਨ ਦੌਰਾਨ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਲਾਸ਼ ਹਸਪਤਾਲ ਅੱਗੇ ਰੱਖ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਿਕ ਪਿੰਡ ਦੁਬਲੀ ਨਿਵਾਸੀ 36 ਸਾਲਾ ਬਿੰਦਰ ਕੌਰ ਪਤਨੀ ਤਰਸੇਮ ਸਿੰਘ ਦੇ ਪੇਟ 'ਚ ਰਸੌਲੀ ਦੀ ਸ਼ਿਕਾਇਤ ਸੀ, ਜਿਸ ਕਾਰਨ ਵੀਰਵਾਰ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਆਪ੍ਰੇਸ਼ਨ ਲਈ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਸ ਦਾ ਹਸਪਤਾਲ ਦੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਬਿੰਦਰ ਕੌਰ ਦੀ ਹਾਲਤ ਵਿਗੜ ਗਈ। ਉਸ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਦੇ ਕੇ. ਡੀ. ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਕਤ ਔਰਤ ਨੇ ਦਮ ਤੋੜ ਦਿੱਤਾ। ਔਰਤ ਆਪਣੇ ਪਿੱਛੇ 3 ਬੱਚੇ (2 ਲੜਕੇ ਤੇ 1 ਲੜਕੀ) ਛੱਡ ਗਈ ਹੈ। ਬਿੰਦਰ ਕੌਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਗੁੱਸੇ 'ਚ ਆ ਗਏ ਤੇ ਉਨ੍ਹਾਂ ਤਰਨਤਾਰਨ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਆਪ੍ਰੇਸ਼ਨ ਦੌਰਾਨ ਲਾਪ੍ਰਵਾਹੀ ਕਰਨ ਦਾ ਦੋਸ਼ ਲਾਇਆ।
ਮ੍ਰਿਤਕਾ ਦੇ ਪਤੀ ਤਰਸੇਮ ਸਿੰਘ, ਭਾਈ ਯਾਦਵਿੰਦਰ ਸਿੰਘ, ਪ੍ਰਗਟ ਸਿੰਘ, ਸਹੁਰੇ ਦਰਸ਼ਨ ਸਿੰਘ ਤੇ ਸੱਸ ਸੁਰਿੰਦਰ ਕੌਰ ਨੇ ਲਾਸ਼ ਨੂੰ ਹਸਪਤਾਲ ਅੱਗੇ ਰੱਖ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿਤ ਸ਼ਰਮਾ, ਟਾਊਨ ਚੌਕੀ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਸਿੰਘ, ਜਗਬੰਸ ਸਿੰਘ ਤੇ ਨਰਿੰਦਰ ਸਿੰਘ ਮੌਕੇ 'ਤੇ ਪੁੱਜੇ। ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।