ਫਰਜ਼ੀ ਸਿੱਖਿਆ ਅਧਿਕਾਰੀ ਚੜ੍ਹਿਆ ਪੁਲਸ ਦੇ ਹੱਥੇ

Saturday, May 05, 2018 - 03:52 AM (IST)

ਹੁਸ਼ਿਆਰਪੁਰ/ਬੁੱਲ੍ਹੋਵਾਲ, (ਅਮਰਿੰਦਰ, ਜਸਵਿੰਦਰਜੀਤ, ਰਣਧੀਰ)- ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੇ ਮੰਡਿਆਲਾ ਪੁਲਸ ਚੌਕੀ ਨੇ ਅੱਜ ਆਸਪਾਸ ਦੇ ਨਿੱਜੀ ਸਕੂਲਾਂ 'ਚ ਜਾਂਚ ਦੇ ਨਾਂ 'ਤੇ ਨਾਜਾਇਜ਼ ਤੌਰ 'ਤੇ ਵਸੂਲੀ ਕਰਨ ਦੇ ਦੋਸ਼ 'ਚ ਫਰਜ਼ੀ ਸਿੱਖਿਆ ਅਧਿਕਾਰੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਮੰਡਿਆਲਾ ਚੌਕੀ ਦੇ ਇੰਚਾਰਜ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਨਿੱਜੀ ਸਕੂਲਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਪਣੇ ਆਪ ਨੂੰ ਚੰਡੀਗੜ੍ਹ ਸਥਿਤ ਸਿੱਖਿਆ ਵਿਭਾਗ ਦਾ ਉੱਚ ਅਧਿਕਾਰੀ ਹੋਣ ਦਾ ਰੋਹਬ ਦਿਖਾ ਕੇ ਸਕੂਲ ਪ੍ਰਬੰਧਕਾਂ ਤੋਂ ਨਾਜਾਇਜ਼ ਤੌਰ 'ਤੇ ਪੈਸਿਆਂ ਦੀ ਮੰਗ ਕਰਦਾ ਹੈ। ਇਸ ਸਬੰਧੀ 'ਚ ਨਹਿਰੂ ਮਾਡਲ ਸਕੂਲ ਦੀ ਪ੍ਰਿੰ. ਨਿਰਮਲਾ ਕੁਮਾਰੀ ਨੇ ਪੁਲਸ ਨੂੰ ਦੱਸਿਆ ਕਿ ਫਰਜ਼ੀ ਸਿੱਖਿਆ ਅਧਿਕਾਰੀ ਸਕੂਲ 'ਚ ਆ ਕੇ ਕਮਰੇ ਦਾ ਸਾਇਜ਼ ਗਲਤ, ਕੰਪਿਊਟਰ ਲੈਬ ਦੀ ਕਮੀ, ਸਕੂਲ ਬੱਸਾਂ 'ਚ ਖਾਮੀਆਂ, ਖੇਡ ਦਾ ਮੈਦਾਨ ਸਹੀ ਨਹੀਂ ਵਰਗੇ ਫਜ਼ੂਲ ਦੇ ਦੋਸ਼ ਲਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੇਰ ਸ਼ਾਮ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਾਲ ਵਿਛਾ ਕੇ ਅੱਜ ਦੇਰ ਸ਼ਾਮ ਸਿੱਖਿਆ ਅਧਿਕਾਰੀ ਨੂੰ ਜਾਅਲੀ ਪਹਿਚਾਣ ਪੱਤਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਚੌਕੀ 'ਚ ਫਰਜ਼ੀ ਸਿੱਖਿਆ ਅਧਿਕਾਰੀ ਸੋਹਣ ਲਾਲ ਪੁੱਤਰ ਜੱਗਾ ਰਾਮ ਵਾਸੀ ਪਿੰਡ ਰਿਹਾਣਾ ਜੱਟਾਂ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰਕੇ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਖਿਲਾਫ਼ ਧਾਰਾ 420, 465, 468, 471 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News