ਸੰਧਾਰਸੀ ''ਚ ਕਿਰਤ ਵਿਭਾਗ ਤੇ ਸਿਆਸੀ ਸਰਪ੍ਰਸਤੀ ਹੇਠ 16 ਸਾਲ ਚੱਲਦੀ ਰਹੀ ''ਮੌਤ ਦੀ ਫੈਕਟਰੀ''

03/13/2018 3:06:04 AM

ਪਟਿਆਲਾ/ਘਨੌਰ,   (ਜੋਸਨ, ਅਲੀ)-  ਸ਼ੰਭੂ ਕੋਲ ਇਕ ਫੈਕਟਰੀ ਵਿਚ ਬਲਾਸਟ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਇਸ ਸਬੰਧੀ ਲੋਕ ਸੰਘਰਸ਼ ਕਮੇਟੀ ਪਟਿਆਲਾ ਅਤੇ ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਜਾਰੀ ਕੀਤੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਸਿਆਸੀ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੇਠ ਚਲਦੀ ਇਹ ਫੈਕਟਰੀ ਮਜ਼ਦੂਰਾਂ ਦਾ ਸ਼ੋਸ਼ਣ ਕਰਦੀ ਰਹੀ। ਅਖੀਰ ਇਹ 'ਮੌਤ ਦੀ ਫੈਕਟਰੀ' ਬਣਨ ਤੋਂ ਬਾਅਦ ਬੰਦ ਹੋ ਗਈ।
ਉਕਤ ਕਮੇਟੀ ਅਤੇ ਐਸੋਸੀਏਸ਼ਨ ਨੇ ਸੰਧਾਰਸੀ ਫੈਕਟਰੀ ਬਲਾਸਟ ਵਿਚ ਹੋਈ ਮਜ਼ਦੂਰਾਂ ਦੀ ਮੌਤ ਦੀ ਜਾਂਚ ਕਰਨ ਲਈ ਸਾਂਝੀ ਪੜਤਾਲੀਆ ਤੱਥ ਖੋਜ ਟੀਮ ਫੌਰੀ ਗਠਿਤ ਕੀਤੀ ਸੀ। ਇਸ ਟੀਮ ਵਿਚ ਵਿਚ ਸ਼੍ਰੀਨਾਥ, ਸੁਰਿੰਦਰ ਸਿੰਘ, ਅਕਾਸ਼, ਹਰਿੰਦਰ ਸਿੰਘ ਸੈਣੀ ਮਾਜਰਾ ਅਤੇ ਐਡਵੋਕੇਟ ਰਾਜੀਵ ਲੋਹਟਬੱਦੀ ਨੂੰ ਸ਼ਾਮਿਲ ਕੀਤਾ ਗਿਆ। ਟੀਮ ਨੇ ਘਟਨਾ ਵਾਲੀ ਜਗ੍ਹਾ, ਐੈੱਫ. ਆਈ. ਆਰ., ਹੋਰ ਦਸਤਾਵੇਜ਼, ਪੁਲਸ ਅਤੇ ਕਿਰਤ ਅਧਿਕਾਰੀ, ਪੀੜਤ ਲੋਕਾਂ ਅਤੇ ਇਲਾਕੇ ਦੇ ਹੋਰ ਲੋਕਾਂ ਨੂੰ ਮਿਲ ਕੇ ਤੱਥ ਇੱਕਠੇ ਕੀਤੇ। 
ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਇਫ਼ਟੂ ਦੇ ਆਗੂ ਸ਼੍ਰੀ ਨਾਥ ਨੇ ਕਿਹਾ ਕਿ ਕਿਰਤ ਵਿਭਾਗ ਤੇ ਸਿਆਸੀ ਸਰਪ੍ਰਸਤੀ ਹੇਠ 16 ਸਾਲ ਚੱਲਦੀ ਰਹੀ ਸੰਧਾਰਸੀ ਵਿਚ ਮੌਤ ਦੀ ਫੈਕਟਰੀ ਨੂੰ ਕਿਰਤ ਕਾਨੂੰਨਾਂ ਅਤੇ ਕਿਰਤੀਆਂ ਦੇ ਵਿਰੁੱਧ ਸੋਧਿਆ ਜਾ ਰਿਹਾ ਹੈ। ਫੈਕਟਰੀ ਐਕਟ 1948 ਅਤੇ ਪੰਜਾਬ ਫੈਕਟਰੀਜ਼ ਰੂਲਜ਼ 1952 ਤੋਂ ਇਲਾਵਾ ਕਿਰਤੀਆਂ ਦੀ ਸੁਰੱਖਿਆ ਲਈ ਬਣੇ ਸਾਰੇ ਹੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਬੁਰੀ ਤਰ੍ਹਾਂ ਫੇਲ ਹੋਈ ਹੈ। ਇਹ ਇਲਾਕਾ ਗੈਰ-ਕਾਨੂੰਨੀ ਫੈਕਟਰੀਆਂ ਨਾਲ ਭਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੀ 19 ਫਰਵਰੀ ਰਾਤ ਨੂੰ ਘਨੌਰ ਤੋਂ ਸ਼ੰਭੂ ਰੋਡ 'ਤੇ ਪਿੰਡ ਸੰਧਾਰਸੀ ਕੋਲ ਸਥਿਤ ਇਕ ਫੈਕਟਰੀ ਵਿਚ ਅਮੋਨੀਆ ਗੈਸ ਦਾ ਸਿਲੰਡਰ ਫਟਣ ਨਾਲ ਬਲਾਸਟ ਹੋ ਗਿਆ ਸੀ। ਇਸ ਦੌਰਾਨ ਮੌਕੇ 'ਤੇ ਹੀ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਅੱਧੀ ਦਰਜਨ ਦੇ ਕਰੀਬ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਵੀ ਇਨ੍ਹਾਂ ਜ਼ਖਮੀਆਂ ਵਿਚੋਂ 2 ਨੇ ਹਸਪਤਾਲ ਜ਼ੇਰੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।


Related News