ਅੱਤ ਦੀ ਗਰਮੀ ਨੇ ਬੇਹਾਲ ਕੀਤੇ ਲੋਕ, ਮੌਸਮ ਤੇ ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

Thursday, May 09, 2024 - 12:17 AM (IST)

ਅੱਤ ਦੀ ਗਰਮੀ ਨੇ ਬੇਹਾਲ ਕੀਤੇ ਲੋਕ, ਮੌਸਮ ਤੇ ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

ਬਠਿੰਡਾ (ਵਰਮਾ)– ਮਈ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 40 ਡਿਗਰੀ ਤਾਪਮਾਨ ਨਾਲ ਗਰਮੀ ਨੇ ਵੀ ਜ਼ੋਰ ਫੜ ਲਿਆ, ਜਿਸ ਕਾਰਨ ਬੀਮਾਰੀਆਂ ਨਾਲ ਜਿਊਣਾ ਮੁਸ਼ਕਿਲ ਹੋ ਗਿਆ ਹੈ। ਮੌਸਮ ਵਿਭਾਗ ਤੇ ਸਿਹਤ ਵਿਭਾਗ ਨੇ ਹੀਟ ਵੇਵ ਦੇ ਮੱਦੇਨਜ਼ਰ ਅਲਰਟ ਜਾਰੀ ਕਰਕੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਗਰਮੀ ਲਗਾਤਾਰ ਵੱਧ ਰਹੀ ਹੈ, ਤਾਪਮਾਨ 41-42 ਡਿਗਰੀ ਤਕ ਪਹੁੰਚ ਗਿਆ ਹੈ, ਜਿਸ ਕਾਰਨ ਪਾਣੀ ਦੀ ਘਾਟ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਰਿਹਾ ਹੈ।

ਗਰਮੀ ਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਆਪੋ-ਆਪਣੇ ਜ਼ਿਲਿਆਂ ’ਚ ਰੈਪਿਡ ਰਿਸਪਾਂਸ ਟੀਮਾਂ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜੋ ਕਿ ਕਿਸੇ ਵੀ ਥਾਂ ’ਤੇ ਗਰਮੀਆਂ ਦੌਰਾਨ ਹੀਟ ਵੇਵ ਜਾਂ ਪ੍ਰਕੋਪ ਆਉਣ ’ਤੇ ਤੁਰੰਤ ਹਰਕਤ ’ਚ ਆ ਜਾਣਗੀਆਂ। ਇਸ ਦੇ ਨਾਲ ਹੀ ਹੋਰਨਾਂ ਵਿਭਾਗਾਂ ਨਾਲ ਸਾਂਝੀ ਨਿਗਰਾਨ ਟੀਮਾਂ ਬਣਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਕਿਸੇ ਖ਼ੇਤਰ ’ਚ ਕੋਈ ਪ੍ਰਕੋਪ ਹੁੰਦਾ ਹੈ ਤਾਂ ਇਹ ਟੀਮਾਂ ਤੁਰੰਤ ਉਸ ਖ਼ੇਤਰ ਦਾ ਸਰਵੇਖਣ ਕਰਨਗੀਆਂ ਤੇ ਮਰੀਜ਼ਾਂ ਦੀ ਗਿਣਤੀ ਤੇ ਲਾਗ ਦੀ ਗੰਭੀਰਤਾ ਦਾ ਪਤਾ ਲਗਾਉਣਗੀਆਂ। ਸਰਵੇਖਣ ਦੌਰਾਨ ਜੇਕਰ ਸਥਿਤੀ ਗੰਭੀਰ ਪਾਈ ਜਾਂਦੀ ਹੈ ਤਾਂ ਹਸਪਤਾਲਾਂ ’ਚ ਵਿਸ਼ੇਸ਼ ਵਾਰਡ ਬਣਾਉਣ ਤੇ ਮੈਡੀਕਲ ਸਹੂਲਤਾਂ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਕੋਵਿਡ-19 ਕਾਰਨ ਪੰਜਾਬ ਸਮੇਤ ਦੇਸ਼ ਭਰ ’ਚ 3 ਮੌਤਾਂ, 118 ਨਵੇਂ ਮਾਮਲੇ ਆਏ ਸਾਹਮਣੇ

ਇਸ ਸਬੰਧੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਇਸੇ ਲੜੀ ਤਹਿਤ ਆਈ. ਐੱਮ. ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨਾਲ ਵੀ ਮੀਟਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਜੇਕਰ ਉਨ੍ਹਾਂ ਨੂੰ ਕੋਈ ਲਾਗ ਦੀ ਬੀਮਾਰੀ ਵਾਲਾ ਮਰੀਜ਼ ਆਉਂਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਰਿਪੋਰਟ ਕਰਨ ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਸੀਵਰੇਜ ਪਾਈਪਾਂ ’ਚ ਲੀਕੇਜ ਨੂੰ ਠੀਕ ਕਰਨ, ਪਾਣੀ ਦੇ ਨਾਜਾਇਜ਼ ਕੁਨੈਕਸ਼ਨਾਂ ਦੀ ਜਾਂਚ ਤੇ ਕੁਨੈਕਸ਼ਨ ਕੱਟਣ, ਪਾਣੀ ਦੇ ਨਮੂਨੇ ਲੈ ਕੇ ਰਿਪੋਰਟ ਸਿਹਤ ਵਿਭਾਗ ਨੂੰ ਭੇਜਣ, ਫੈਲਣ ਦੀ ਸੂਰਤ ’ਚ ਪ੍ਰਭਾਵਿਤ ਖ਼ੇਤਰਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਬਦਲਵੇਂ ਪ੍ਰਬੰਧ ਕਰਨ ਤੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ।

ਪੀਣ ਵਾਲੇ ਪਾਣੀ ’ਚ ਕਿਸੇ ਵੀ ਕਿਸਮ ਦੀ ਗੰਦਗੀ ਨੂੰ ਰੋਕਣ ਲਈ ਪਾਣੀ ਦੇ ਸੈਂਪਲ ਲੈ ਕੇ ਸਟੇਟ ਪਬਲਿਕ ਹੈਲਥ ਲੈਬ, ਖਰੜ ਨੂੰ ਭੇਜਣ ਲਈ ਕਿਹਾ ਗਿਆ ਹੈ। ਲੈਬਾਂ ਨੂੰ ਟੈਸਟਿੰਗ ਰੀਏਜੈਂਟਸ ਤੇ ਪਾਣੀ ਦੀ ਜਾਂਚ ਲਈ ਕਿੱਟਾਂ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਗਰਮੀ ਕਾਰਨ ਚਮੜੀ ਦੇ ਰੋਗ, ਅੱਖਾਂ ਦੀ ਰੌਸ਼ਨੀ, ਗੈਸਟਰੋ ਤੇ ਢਿੱਡ ਦੀਆਂ ਬੀਮਾਰੀਆਂ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਗਰਮੀ ਵਧੇਗੀ। ਗਰਮ ਹਵਾਵਾਂ ਚੱਲਣਗੀਆਂ ਤੇ ਗਰਮੀ ਕਾਰਨ ਕਈ ਬੀਮਾਰੀਆਂ ਪੈਦਾ ਹੋਣਗੀਆਂ। ਉਨ੍ਹਾਂ ਅੱਤ ਦੀ ਗਰਮੀ ’ਚ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਬਾਜ਼ਾਰਾਂ ’ਚ ਬੇਲੋੜਾ ਨਾ ਘੁੰਮਣ ਲਈ ਕਿਹਾ। ਮਜਬੂਰੀ ’ਚ ਹੀ ਬਾਹਰ ਨਿਕਲੋ ਤੇ ਆਪਣਾ ਸਾਰਾ ਸਰੀਰ ਢੱਕ ਕੇ ਰੱਖੋ, ਨਹੀਂ ਤਾਂ ਚਮੜੀ ਦੇ ਰੋਗ ਵੱਧ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News