ਭਡ਼ਕੇ ਮੁਲਾਜ਼ਮਾਂ ਨੇ ਕੀਤਾ ਡੀ. ਸੀ. ਦਫਤਰ ਸਾਹਮਣੇ ਸਰਕਾਰ ਦਾ ਪਿੱਟ-ਸਿਆਪਾ

08/28/2018 6:01:21 AM

ਪਟਿਆਲਾ, (ਜੋਸਨ, ਬਲਜਿੰਦਰ, ਲਖਵਿੰਦਰ)- ਦੋ ਦਰਜਨ ਤੋਂ ਵੱਧ ਮੁਲਾਜ਼ਮ ਫੈਡਰੇਸ਼ਨਾਂ ਅਤੇ ਜਥੇਬੰਦੀਆਂ ’ਤੇ ਆਧਾਰਤ ਬਣੀ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਝੰਡੇ ਹੇਠ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਮੁਲਾਜ਼ਮਾਂ ਨੇ ਅੱਜ ਫਿਰ ਡਿਪਟੀ ਕਮਿਸ਼ਨਰ ਦਫਤਰ ਅੱਗੇ ਜ਼ਬਰਦਸਤ ਧਰਨਾ ਠੋਕ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਪਿੱਟ-ਸਿਆਪਾ ਕੀਤਾ। 
  ਮੁਲਾਜ਼ਮ ਵਰਗ ਨੇ ਆਪਣੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਦੀ ਪੂਰਤੀ ਕਰਵਾਉਣ ਅਤੇ ਮੌਜੂਦਾ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲਡ਼ਾਈ ਲਡ਼ਨ ਦੇ ਮਨਸੂਬੇ ਬਣਾ ਲਏ ਹਨ। ਇਸ ਤਹਿਤ ਹੀ ਸੰਘਰਸ਼ ਕਮੇਟੀ ਵੱਲੋਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਜਾਰੀ ਹੈ।  ਜ਼ਿਕਰਯੋਗ ਹੈ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 19 ਤੋਂ 30 ਜੁਲਾਈ ਤੱਕ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰ ਦਫਤਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ-ਪੱਤਰ ਭੇਜ ਕੇ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਮੁਲਾਜ਼ਮ ਵਰਗ ਨਾਲ ਕੀਤੇ ਗਏ ਵਾਅਦੇ ਅਨੁਸਾਰ ਮੰਗਾਂ ਦੀ ਪੂਰਤੀ ਕੀਤੀ ਜਾਵੇ। ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਪ੍ਰੰਤੂ ਕੋਈ ਕਾਰਵਾਈ ਨਾ ਹੋਣ ’ਤੇ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਅਲਟੀਮੇਟਮ ਤਹਿਤ 11-08-18 ਨੂੰ ਮਾਲ ਰੋਡ ਪਟਿਆਲਾ ਵਿਖੇ ਇਕ ਇਤਿਹਾਸਕ ਰੈਲੀ ਕੀਤੀ ਗਈ ਸੀ।  ਇਸ  ਦੌਰਾਨ ਪ੍ਰਸ਼ਾਸਨ ਵੱਲੋਂ ਉੱਪ ਮੰਡਲ ਮੈਜਿਸਟ੍ਰੇਟ ਪਟਿਆਲਾ ਨੇ ਹਜ਼ਾਰਾਂ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਮੁਲਾਜ਼ਮ ਵਰਗ ਨਾਲ ਲਿਖਤੀ ਵਿਚ ਭਰੋਸਾ ਦਿੱਤਾ ਸੀ ਕਿ ਮਿਤੀ 20-8-18 ਨੂੰ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਦੇ ਓ. ਐੱਸ. ਡੀ. ਕੈਪਟਨ ਸੰਦੀਪ ਸੰਧੂ ਨਾਲ ਨਿਸ਼ਚਿਤ ਕਰ ਦਿੱਤੀ ਗਈ ਹੈ। ਅਜੇ ਤੱਕ ਕੋਈ ਵੀ ਮੰਗ ਦੀ ਪੂਰਤੀ ਨਹੀਂ ਕੀਤੀ ਗਈ। ਇਸ ਲਈ ਰੋਸ ਵਜੋਂ ਅੱਜ ਫਿਰ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਅੱਗੇ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਨੂੰ ਫਿਰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਪ੍ਰਤੀ ਇਹੀ ਰਵੱਈਆ ਰੱਖਿਆ ਤਾਂ ਸੰਘਰਸ਼ ਕਮੇਟੀ ਇਕ ਬਹੁਤ ਵੱਡਾ ਅਣਮਿਥੇ ਸਮੇਂ ਲਈ ਘੋਲ ਆਰੰਭੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
    ®ਸੰਘਰਸ਼ ਕਮੇਟੀ ਦੇ ਆਗੂ ਹਰੀ ਸਿੰਘ ਟੌਹਡ਼ਾ ਤੇ ਦਰਸ਼ਨ ਸਿੰਘ ਬੇਲੁੂਮਾਜਰਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੱਤਾ ’ਦੇ ਨਸ਼ੇ ਵਿਚ ਚੂਰ ਸਰਕਾਰ ਦਾ ਇਸ ਗੱਲੋਂ ਭਰਮ ਕੱਢ ਦਿੱਤਾ ਜਾਵੇਗਾ ਕਿ ਮੁਲਾਜ਼ਮ ਵਰਗ ਕੁਝ ਚਿਰ ਬਾਅਦ ਸ਼ਾਂਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮ ਤੇ ਕਿਰਤੀ  ਜਮਾਤ ਆਪਣੇ ਹੱਕਾਂ ਲਈ ਇਕ ਵਾਰ ਝੰਡਾਬਰਦਾਰ ਹੋ ਜਾਂਦੀ ਹੈ ਤਾਂ ਆਪਣੀਆਂ ਮੰਗਾਂ ਦੀ ਪੂਰਤੀ  ਤੱਕ ਡਟੀ ਰਹਿੰਦੀ ਹੈ।
 ਧਰਨੇ ਨੂੰ  ਕੁਲਬੀਰ ਸਿੰਘ ਸੈਦਖੇਡ਼ੀ, ਜਸਵੀਰ ਸਿੰਘ ਖੋਖਰ, ਸੁਰਿੰਦਰ ਸਿੰਘ ਫਰੀਦਪੁਰ, ਬਲਬੀਰ ਸਿੰਘ ਮੰਡੋਲੀ, ਸਤਪਾਲ ਸਿੰਘ ਖਾਨਪੁਰ, ਹਰਵੀਰ ਸਿੰਘ, ਰਾਕੇਸ਼ ਬਾਤਿਸ਼,  ਸੁਖਦੇਵ ਸਿੰਘ ਕੂਕਾ, ਮਲਕੀਤ ਸਿੰਘ ਪੰਜੋਲੀ, ਰਾਮਾ ਗਰਗ ਨਾਭਾ, ਗਿਆਨ ਸਿੰਘ ਸਮਾਣਾ, ਕਰਨੈਲ ਸਿੰਘ ਰਾਈਂ, ਬੰਤ ਸਿੰਘ ਦੌਲਤਪੁਰ, ਹਰੀ ਰਾਮ ਨੇਤਾ, ਨਰੇਸ਼ ਲੱਖੋਮਾਜਰਾ, ਗੁਰਵਿੰਦਰ ਸਿੰਘ, ਸ਼ਾਦੀ ਰਾਮ, ਬਲਦੇਵ ਸਿੰਘ ਵਿਰਕ, ਮਹਿੰਦਰਪਾਲ ਤੇ ਹਰਜੀਤ ਰਾਜਿੰਦਰਾ ਹਸਪਤਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। 
 


Related News