ਪੰਜਾਬ ਸਿਵਲ ਸਕੱਤਰੇਤ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ

11/09/2023 3:50:44 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਦੇ ਆਗੂ ਅੱਜ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪ੍ਰਮੁੱਖ ਸਕੱਤਰ, ਵਿੱਤ ਵਿਭਾਗ ਨੂੰ ਮਿਲੇ। ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਦੀਵਾਲੀ ਮੌਕੇ  ਮੁਲਾਜ਼ਮਾਂ ਦਾ ਬਣਦਾ ਡੀ. ਏ. ਜਲਦ ਰਿਲੀਜ਼ ਕੀਤਾ ਜਾਵੇ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਵਾਂਗ ਦੀਵਾਲੀ ਬੋਨਸ ਵੀ ਦਿੱਤਾ ਜਾਵੇ। ਵਿੱਤ ਮੰਤਰੀ ਵੱਲੋਂ ਪ੍ਰਮੁੱਖ ਸਕੱਤਰ ਵਿੱਤ ਦੀ ਹਾਜ਼ਰੀ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ 'ਤੇ ਵਿਚਾਰ ਕੀਤਾ ਗਿਆ ਅਤੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ ਗਿਆ।

ਵਿੱਤ ਮੰਤਰੀ ਵੱਲੋਂ ਮੁਲਾਜ਼ਮ ਆਗੂਆਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ, ਪੰਜਾਬ ਦੀ ਜੀ. ਐੱਸ. ਟੀ. ਵਧਾੳਣ ਅਤੇ ਆਰਗੇਨਿਕ ਖੇਤੀ ਤੇ ਪੌਸ਼ਟਿਕ ਆਹਾਰ ਖਾਣ ਦਾ ਵੀ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਆਖਿਆ ਗਿਆ। ਇਸ ਮੁਲਾਕਾਤ ਦੌਰਾਨ ਅਫ਼ਸਰ ਐਸੋਸੀਏਸ਼ਨ ਵੱਲੋਂ ਪਰਮਦੀਪ ਭਬਾਤ, ਭੁਪਿੰਦਰ ਝੱਜ, ਕਮਲ ਸ਼ਰਮਾ, ਪਰਸਨਲ ਸਟਾਫ਼ ਐਸੋਸੀਏਸ਼ਨ ਵੱਲੋਂ ਮਲਕੀਤ ਔਜਲਾ, ਸਕੱਤਰੇਤ ਸਟਾਫ਼ ਐਸੋਸੀਏਸ਼ਨ ਵੱਲੋਂ ਸੁਖਚੈਨ ਖਹਿਰਾ, ਜਸਪ੍ਰੀਤ ਰੰਧਾਵਾ, ਇੰਦਰਪਾਲ ਭੰਗੂ, ਸਾਹਿਲ ਸ਼ਰਮਾ, ਐੱਫ. ਸੀ. ਆਰ. ਐਸੋਸੀਏਸ਼ਨ ਵੱਲੋਂ ਕੁਲਵੰਤ ਸਿੰਘ, ਗੁਰਮੀਤ ਸਿੰਘ ਅਤੇ ਦਰਜਾ-4 ਯੂਨੀਅਨ ਵੱਲੋਂ ਜਗਤਾਰ ਸਿੰਘ ਆਦਿ ਹਾਜ਼ਰ ਸਨ।


Babita

Content Editor

Related News