ਸਕੂਲ ਦਾ 77000 ਬਿੱਲ ਨਾ ਭਰਨ ’ਤੇ ਬਿਜਲੀ ਵਿਭਾਗ ਨੇ ਕੱਟਿਆ ਕੁਨੈਕਸ਼ਨ

Thursday, Aug 30, 2018 - 12:59 AM (IST)

ਸਕੂਲ ਦਾ 77000 ਬਿੱਲ ਨਾ ਭਰਨ ’ਤੇ ਬਿਜਲੀ ਵਿਭਾਗ ਨੇ ਕੱਟਿਆ ਕੁਨੈਕਸ਼ਨ

ਬੱਧਨੀ ਕਲਾਂ, (ਮਨੋਜ)- ਪਿੰਡ ਲੋਪੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੋਹਟ ਬੱਧੀ ਵੱਲੋਂ 77,000  ਰੁਪਏ  ਬਿਜਲੀ  ਦਾ ਬਿੱਲ ਨਹੀਂ ਭਰਿਆ ਗਿਆ,  ਜਿਸ  ਕਾਰਨ ਵਿਭਾਗ ਨੇ ਕੁਨੈਕਸ਼ਨ ਦੀ ਤਾਰ ਕੱਟ ਦਿੱਤੀ, ਜਿਥੇ ਕਈ ਦਿਨਾਂ ਤੋਂ ਬੱਚੇ ਗਰਮੀ ਨਾਲ ਹਾਲੋ-ਬੇਹਾਲ ਹੋਏ ਪਏ ਹਨ,  ਉਥੇ  ਹੀ ਇਸ ਸਕੂਲ ’ਚ ਜ਼ਿਆਦਾ ਬੱਚੇ ਦਲਿਤ ਪਰਿਵਾਰਾਂ ਨਾਲ ਸਬੰਧਿਤ ਪਡ਼੍ਹਦੇ ਹੋਣ ਕਰ ਕੇ ਕੋਈ  ਵੀ  ਅਧਿਕਾਰੀ ਇਸ ਸਕੂਲ ਦੀ ਸਾਰ ਨਹੀਂ ਲੈ ਰਿਹਾ।
ਦੋਵਾਂ ਸਕੂਲਾਂ ਦੇ ਮੁਖੀ ਆਪਣੀ ਤਨਖਾਹ  ’ਚੋਂ ਭਰਨਗੇ ਬਿੱਲ
ਬੱਚਿਆਂ ਦੇ ਮਾਪਿਆਂ ਨੇ ਕਾਕਾ ਸਿੰਘ ਸਰਪੰਚ, ਬੁੱਧ ਸਿੰਘ ਪੰਚ ਅਤੇ ਹਰਨੇਕ ਸਿੰਘ ਸਾਬਕਾ ਪੰਚ ਨੂੰ ਇਸ ਮਸਲੇ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਪ੍ਰਾਇਮਰੀ ਸਕੂਲ ਦੇ ਮੁਖੀ ਤਰਸੇਮ ਸਿੰਘ ਅਤੇ ਮਿਡਲ ਸਕੂਲ ਦੇ ਮੁਖੀ ਕਮਲਜੀਤ ਸਿੰਘ ਨੂੰ ਬਿਠਾ ਕੇ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਤਾਂ ਪ੍ਰਾਇਮਰੀ ਸਕੂਲ ਦੇ ਮੁਖੀ ਤਰਸੇਮ ਸਿੰਘ ਨੇ ਪਹਿਲਕਦਮੀ ਕਰਦਿਆਂ ਕਿਹਾ ਕਿ ਤਨਖਾਹ ਆਉਣ ’ਤੇ ਉਹ 35 ਹਜ਼ਾਰ ਰੁਪਏ ਬਿੱਲ ਲਈ ਦੇਣਗੇ ਤਾਂ ਮਿਡਲ ਸਕੂਲ ਦੇ ਮੁਖੀ ਨੇ ਕਿਹਾ ਕਿ ਅਸੀਂ ਸਾਰੇ ਟੀਚਰ ਰਲ ਕੇ 35 ਹਜ਼ਾਰ ਬਿੱਲ ਲਈ ਦੇ ਦੇਵਾਂਗੇ। ਸਾਬਕਾ ਪੰਚ ਹਰਨੇਕ ਸਿੰਘ ਨੇ  ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਬਿਜਲੀ ਚਾਲੂ ਕਰਨ ਦੀ ਮੰਗ ਕੀਤੀ ਹੈ।
ਕੀ ਹੈ ਸਾਰਾ ਮਾਮਲਾ  
ਇਸ  ਸਕੂਲ ਨੂੰ 1996 ’ਚ ਮਿਡਲ ਸਕੂਲ ਦਾ ਦਰਜਾ ਤਾਂ ਦੇ ਦਿੱਤਾ  ਗਿਆ  ਪਰ  ਬਿਜਲੀ ਦਾ ਮੀਟਰ ਇਕ ਪ੍ਰਾਇਮਰੀ ਸਕੂਲ ’ਚ ਹੀ ਲੱਗਾ ਹੈ , ਇਸ ਤੋਂ ਹੀ ਮਿਡਲ ਸਕੂਲ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾ  ਰਹੀ  ਸੀ। ਹੁਣ ਜਦ ਵੀ ਬਿੱਲ ਆਉਂਦਾ ਤਾਂ ਪ੍ਰਾਇਮਰੀ ਸਕੂਲ ਨੂੰ ਹੀ ਆਉਂਦਾ ਤਾਂ ਪਿਛਲੇ ਦੋ ਸਾਲਾਂ ਤੋਂ ਦੋਵਾਂ ਸਕੂਲ ਮੁਖੀਆਂ ਨੇ ਬਿੱਲ ਭਰਨਾ ਹੀ ਬੰਦ ਕਰ ਦਿੱਤਾ, ਜਦੋਂ ਵੀ ਸਕੂਲ ਕਮੇਟੀ ਬਿੱਲ ਬਾਰੇ ਗੱਲ ਕਰਦੀ ਤਾਂ ਪ੍ਰਾਇਮਰੀ ਸਕੂਲ ਦੇ ਮੁਖੀ ਦਾ ਇਹੋ ਕਹਿਣਾ ਹੁੰਦਾ ਕਿ ਬਿੱਲ ਸਾਂਝੇ ਤੌਰ ’ਤੇ ਦੋਵਾਂ ਸਕੂਲਾਂ ਨੂੰ ਭਰਨਾ ਚਾਹੀਦਾ ਹੈ। ਮਿਡਲ ਸਕੂਲ ਦੇ ਮੁਖੀ ਦਾ ਇਹੋ ਕਹਿਣਾ ਹੁੰਦਾ ਕਿ ਸਾਨੂੰ ਬਿਜਲੀ ਬਿੱਲ ਲਈ ਪਿਛੋਂ ਫੰਡ ਨਹੀਂ ਆਉਂਦਾ, ਅਸੀਂ ਬਿੱਲ ਕਿਥੋਂ ਦੇਈਏ। ਦੋਵਾਂ ਸਕੂਲ ਮੁਖੀਆਂ ਦੀ ਆਪਸੀ ਚੱਲ ਰਹੀ ਖਹਿਬਾਜ਼ੀ ਕਾਰਨ ਹੁਣ ਬਿੱਲ ਦੀ ਰਕਮ  77000  ਹੋ  ਗਈ ਹੈ, ਜਿਸ ਦੀ ਸੂਰਤ ਵਿਚ ਬਿਜਲੀ ਵਿਭਾਗ ਨੇ ਸਕੂਲ ਦਾ ਕੁਨੈਕਸ਼ਨ ਹੀ ਕੱਟ ਦਿੱਤਾ।
 ਕੀ ਕਹਿਣੈ ਜ਼ਿਲਾ ਸਿੱਖਿਆ ਅਫਸਰ ਦਾ
 ਜਦੋਂ ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾਡ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਪਤਾ  ਹੁਣੇ ਲੱਗਾ ਹੈ। ਮਿਡਲ ਸਕੂਲ ਦੇ ਮੁਖੀ ਨੂੰ ਸਾਨੂੰ ਲਿਖਤੀ ਤੌਰ ’ਤੇ ਦੱਸਣਾ ਚਾਹੀਦਾ ਸੀ ਕਿ ਸਕੂਲ ’ਚ ਮੀਟਰ ਨਹੀਂ ਲੱਗਾ, ਅੱਜ ਤੱਕ ਸਾਡੇ ਨਾਲ ਇਸ ਵਿਸ਼ੇ ’ਤੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਉਹ ਆਪ ਸਕੂਲ ਵਿਚ ਜਾ ਕੇ ਜਾਂਚ ਕਰਨਗੇ ਜਿਥੇ ਤੁਰੰਤ ਮਸਲਾ ਹੱਲ ਕੀਤਾ ਜਾਵੇਗਾ, ਉਥੇ  ਹੀ ਕਿਸੇ ਨੂੰ ਵੀ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ।


Related News