ਕਿਸਾਨ ਜਥੇਬੰਦੀ ਵੱਲੋਂ ਜ਼ੋਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

Monday, Feb 19, 2018 - 06:53 AM (IST)

ਕਿਸਾਨ ਜਥੇਬੰਦੀ ਵੱਲੋਂ ਜ਼ੋਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਤਰਨਤਾਰਨ,   (ਰਾਜੂ)-  ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲੇ ਦੇ ਜ਼ੋਨ ਭਗਤ ਸੈਣ ਜੀ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਭਗਤ ਸੈਣ ਦੇ ਅਸਥਾਨ ਪਿੰਡ ਸੋਹਲ ਵਿਖੇ ਕੀਤਾ ਗਿਆ। ਡੈਲੀਗੇਟ ਇਜਲਾਸ 'ਚ ਜ਼ੋਨ ਕਮੇਟੀ ਦੇ ਸਾਰੇ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਅਤੇ ਬੀਬੀਆਂ ਸ਼ਾਮਲ ਹੋਈਆਂ। ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਇਜਲਾਸ 'ਚ ਸਭ ਤੋਂ ਪਹਿਲਾਂ ਜ਼ੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ ਨੇ ਪਿਛਲੇ ਤਿੰਨ ਸਾਲਾਂ ਦੇ ਜਥੇਬੰਦਕ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ 'ਚ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ, ਕੀਤੇ ਕੰਮ ਤੇ ਅਧੂਰੇ ਰਹਿ ਗਏ ਕੰਮ ਆਦਿ ਦਾ ਜ਼ਿਕਰ ਕੀਤਾ ਗਿਆ, ਜਿਸ ਉਪਰੰਤ ਇਜਲਾਸ 'ਚ ਸ਼ਾਮਲ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਜ਼ੋਨ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ 'ਚ ਗੁਰਜੀਤ ਸਿੰਘ ਗੰਡੀਵਿੰਡ ਪ੍ਰਧਾਨ, ਮੇਜਰ ਸਿੰਘ ਕਸੇਲ (ਸਕੱਤਰ), ਮੰਗਲ ਸਿੰਘ ਭੁੱਚਰ (ਸੀਨੀ. ਮੀਤ ਪ੍ਰਧਾਨ), ਕਸ਼ਮੀਰ ਸਿੰਘ ਭੁੱਚਰ, ਬਲਕਾਰ ਸਿੰਘ ਖਾਲੜਾ, ਬਲਜਿੰਦਰ ਸਿੰਘ ਖਾਲੜਾ, ਬਲਜਿੰਦਰ ਸਿੰਘ ਚਾਹਲ, ਗੁਰਪ੍ਰੀਤ ਸਿੰਘ (ਮੀਤ ਪ੍ਰਧਾਨ), ਦਲਬੀਰ ਸਿੰਘ ਸੋਹਲ, ਕੁਲਦੀਪ ਸਿੰਘ ਛੀਨਾ (ਖਜ਼ਾਨਚੀ), ਦਲਬੀਰ ਸਿੰਘ ਮਾਣਕਪੁਰਾ (ਪ੍ਰੈੱਸ ਸਕੱਤਰ) ਅਤੇ ਰਾਮ ਸਿੰਘ, ਜਗੀਰ ਸਿੰਘ ਮੀਆਂਪੁਰ, ਬੀਬੀ ਸੁਖਵਿੰਦਰ ਕੌਰ (ਮੈਂਬਰ) ਆਦਿ ਅਹੁਦੇਦਾਰ ਚੁਣੇ ਗਏ। 
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ, ਸੁੱਖਾ ਸਿੰਘ ਠੱਠਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦਿਆਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਖੇਤੀ ਮੋਟਰਾਂ ਦੇ ਬਿਜਲੀ ਬਿੱਲ ਮੁਆਫ ਰੱਖਣ ਆਦਿ ਵਾਅਦੇ ਲਾਗੂ ਕਰਨ ਤੋਂ ਮੁਨਕਰ ਹੋ ਕੇ ਕਿਸਾਨ-ਮਜ਼ਦੂਰ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ, ਜੋ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਲਈ ਹੋਰ ਮਾਰੂ ਸਾਬਤ ਹੋਣਗੇ।
ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ ਐਲਾਨੇ ਜਾਣ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ। 


Related News