ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ, ਜਾਰੀ ਕੀਤਾ ਗਿਆ Notification

Thursday, Jan 11, 2024 - 11:51 AM (IST)

ਚੰਡੀਗੜ੍ਹ ਦੇ ਨਵੇਂ ਮੇਅਰ ਦੀ 18 ਜਨਵਰੀ ਨੂੰ ਹੋਵੇਗੀ ਚੋਣ, ਜਾਰੀ ਕੀਤਾ ਗਿਆ Notification

ਚੰਡੀਗੜ੍ਹ (ਵਿਜੇ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਆਉਣ ਤੋਂ ਕੁੱਝ ਦਿਨ ਪਹਿਲਾਂ ਨਗਰ ਨਿਗਮ ਵਿਚ ਮੁੱਖ ਵਿਰੋਧੀ ਪਾਰਟੀ ਨੂੰ ਝਟਕਾ ਲੱਗਾ ਹੈ। ਮੇਅਰ ਦੀ ਚੋਣ ਦੀ ਤਾਰੀਖ਼ ਦਾ ਐਲਾਨ ਹੁੰਦਿਆਂ ਹੀ ਚੰਡੀਗੜ੍ਹ ਦੀ ਸਿਆਸਤ 'ਚ ਹਲਚਲ ਦਾ ਦੌਰ ਸ਼ੁਰੂ ਹੋ ਗਿਆ। ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ-31 ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ। ਸੈਕਟਰ-33 ਸਥਿਤ ਪਾਰਟੀ ਦਫ਼ਤਰ ਕਮਲਮ ਵਿਖੇ ਸੰਸਦ ਮੈਂਬਰ ਕਿਰਨ ਖੇਰ, ਸੂਬਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਸਾਬਕਾ ਪ੍ਰਧਾਨ ਸੰਜੇ ਟੰਡਨ ਦੀ ਮੌਜੂਦਗੀ ਵਿਚ ਲਖਬੀਰ ਸਿੰਘ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਏ। ਹੁਣ ਮੇਅਰ ਦੀ ਚੋਣ ਹੋਰ ਵੀ ਰੌਮਾਂਚਿਕ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਡੇਟਸ਼ੀਟ 'ਚ ਹੋਇਆ ਬਦਲਾਅ

ਲਖਬੀਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ਕੋਲ ਹੁਣ ਸਿਰਫ਼ 12 ਕੌਂਸਲਰ ਰਹਿ ਗਏ ਹਨ, ਜਦੋਂਕਿ ਭਾਜਪਾ ਨੇ 15 ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਦੀਆਂ ਵੋਟਾਂ ਨਾਲ ਮੇਅਰ ਚੋਣਾਂ ਲਈ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਲਿਆ ਹੈ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਸਿਰਫ਼ 7 ਕੌਂਸਲਰਾਂ ਦੀਆਂ ਵੋਟਾਂ ਹਨ, ਜਦਕਿ ਇਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ। ਅਜਿਹੇ ਵਿਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੇਗੀ ਜਾਂ ਕ੍ਰਾਸ ਵੋਟਾਂ ਦੀ ਉਮੀਦ ਨਾਲ ਵੱਖਰਾ ਉਮੀਦਵਾਰ ਖੜ੍ਹਾ ਕਰੇਗੀ। ਉਥੇ ਹੀ ਭਾਜਪਾ ਦੇ ਕੁਝ ਸੀਨੀਅਰ ਆਗੂ ਦਾਅਵਾ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਵਿਰੋਧੀ ਧਿਰ ਦੇ ਕੁਝ ਹੋਰ ਕੌਂਸਲਰ ਵੀ ਉਨ੍ਹਾਂ ਦੀ ਪਾਰਟੀ ਛੱਡ ਕੇ ਉਨ੍ਹਾਂ ਵਿਚ ਸ਼ਾਮਲ ਹੋ ਸਕਦੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਬਰਸੀ ਮੌਕੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤਾ ਪ੍ਰਣਾਮ, ਕੀਤਾ Tweet
13 ਜਨਵਰੀ ਤੱਕ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ
ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋਣਗੀਆਂ। ਇਸ ਤੋਂ ਪਹਿਲਾਂ 13 ਜਨਵਰੀ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਭਵਨ ਦੇ ਅਸੈਂਬਲੀ ਹਾਲ ਵਿਚ ਹੋਣਗੀਆਂ। ਇਸ ਲਈ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਥਾਰਟੀ ਬਣਾਇਆ ਗਿਆ ਹੈ। 13 ਜਨਵਰੀ ਸ਼ਾਮ 5 ਵਜੇ ਤਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ।
ਪਹਿਲੀ ਵਾਰ ਤਿੰਨ ਉਮੀਦਵਾਰ ਮੇਅਰ ਦੀ ਚੋਣ ਲੜ ਸਕਦੇ ਹਨ
ਕਾਂਗਰਸ ਵੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਉਮੀਦਵਾਰ ਉਤਾਰਦੀ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਤਿੰਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ। ਇਸ ਤੋਂ ਪਹਿਲਾਂ ਇਕ ਹੀ ਮੌਕਾ ਸੀ, ਜਦੋਂ ਮੇਅਰ ਦੀ ਚੋਣ ਲਈ ਤਿੰਨ ਉਮੀਦਵਾਰਾਂ ਵਿਚਾਲੇ ਵੋਟਿੰਗ ਹੋਈ ਸੀ। ਹਾਲਾਂਕਿ ਉਸ ਸਮੇਂ ਦੋ ਉਮੀਦਵਾਰ ਭਾਜਪਾ ਦੇ ਸਨ, ਜਦਕਿ ਇਕ ਕਾਂਗਰਸ ਦਾ ਸੀ। 1998 ਵਿਚ ਮੇਅਰ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਕੇਵਲ ਕ੍ਰਿਸ਼ਨ ਅਤੇ ਕਾਂਗਰਸ ਦੇ ਉਮੀਦਵਾਰ ਕਮਲੇਸ਼ ਨੇ ਭਾਜਪਾ ਦੇ ਇਕ ਹੋਰ ਉਮੀਦਵਾਰ ਰਜਿੰਦਰ ਕੁਮਾਰ ਨੂੰ ਹਰਾਇਆ ਸੀ। ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਨਾ ਹੋਇਆ ਤਾਂ ਪਹਿਲੀ ਵਾਰ ਤਿੰਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੇਅਰ ਦੀ ਚੋਣ ਲੜਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News