PSEB ਦੀਆਂ ਪ੍ਰੀਖਿਆਵਾਂ ਤੋਂ ਐਨ ਪਹਿਲਾਂ ਵਿਭਾਗ ਨੇ ਜਾਰੀ ਕਰ ਦਿੱਤੇ ਇਹ ਹੁਕਮ, ਪੜ੍ਹੋ ਪੂਰਾ ਮਾਮਲਾ

Thursday, Jan 04, 2024 - 09:05 AM (IST)

PSEB ਦੀਆਂ ਪ੍ਰੀਖਿਆਵਾਂ ਤੋਂ ਐਨ ਪਹਿਲਾਂ ਵਿਭਾਗ ਨੇ ਜਾਰੀ ਕਰ ਦਿੱਤੇ ਇਹ ਹੁਕਮ, ਪੜ੍ਹੋ ਪੂਰਾ ਮਾਮਲਾ

ਲੁਧਿਆਣਾ (ਵਿੱਕੀ) : ਫਰਵਰੀ ਦੇ ਦੂਜੇ ਹਫ਼ਤੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਇਨ੍ਹਾਂ ਪ੍ਰੀਖਿਆਵਾਂ ’ਚ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਇਕ ਪਾਸੇ ਜਿੱਥੇ ਸਿੱਖਿਆ ਵਿਭਾਗ ਵੱਲੋਂ ‘ਮਿਸ਼ਨ 100 ਪ੍ਰਤੀਸ਼ਤ : ਗਿਵ ਔਰ ਬੈਸਟ’ ਦੇ ਰੂਪ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਦੂਜੇ ਪਾਸੇ ਅਧਿਆਪਕਾਂ ਨੂੰ ਇਨ੍ਹਾਂ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਬਿਹਤਰ ਪ੍ਰਦਰਸ਼ਨ ਅਤੇ ਸ਼ਾਨਦਾਰ ਪ੍ਰੀਖਿਆ ਨਤੀਜੇ ਨੂੰ ਲੈ ਕੇ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਪਰ ਇਸ ਸਭ ਦੇ ਵਿਚਕਾਰ ਸ਼ਾਇਦ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਖ਼ੁਦ ਹੀ ਨਹੀਂ ਚਾਹੁੰਦੇ ਕਿ ਬੱਚੇ ਆਗਾਮੀ ਬੋਰਡ ਪ੍ਰੀਖਿਆਵਾਂ ਦੀ ਸਹੀ ਤਰ੍ਹਾਂ ਤਿਆਰੀ ਕਰਨ ਅਤੇ ਪ੍ਰੀਖਿਆ ’ਚ ਬਿਹਤਰੀਨ ਅੰਕ ਲੈ ਕੇ ਪਾਸ ਹੋਣ, ਜਿਸ ਦੇ ਕਾਰਨ ਵਿਭਾਗ ਵੱਲੋਂ ਇਕ ਦੇ ਬਾਅਦ ਇਕ 3 ਪੱਤਰ ਜਾਰੀ ਕਰਦਿਆਂ ਵਿਦਿਆਰਥੀਆਂ ਲਈ ਸਟੱਡੀ ਟਰਿੱਪ, ਸਾਇੰਸ ਐਗਜ਼ੀਬਿਸ਼ਨ ਅਤੇ ਕੁਇੱਜ਼ ਮੁਕਾਬਲਿਆਂ ਦੇ ਆਯੋਜਨ ਦੇ ਹੁਕਮ ਜਾਰੀ ਕਰ ਦਿੱਤੇ। ਇਨ੍ਹਾਂ ਪੱਤਰਾਂ ਨੂੰ ਦੇਖ ਕੇ ਹੈਰਾਨ ਹੋਏ ਅਧਿਆਪਕਾਂ ਨੇ ਕਿਹਾ ਕਿ ਸ਼ਾਇਦ ਅਧਿਕਾਰੀ ਖ਼ੁਦ ਵੀ ਦੁਵਿਧਾ ਵਿਚ ਹਨ, ਉੱਥੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਮੱਥੇ ’ਤੇ ਬੋਰਡ ਐਗਜ਼ਾਮ ਦੀ ਤਿਆਰੀ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ।
ਸਟੱਡੀ ਟਰਿੱਪ ’ਤੇ ਉੱਚ ਸਿੱਖਿਆ ਸੰਸਥਾਨਾਂ ਦਾ ਦੌਰਾ ਕਰਨਗੇ ਸਾਇੰਸ ਸਟ੍ਰੀਮ ਦੇ ਵਿਦਿਆਰਥੀ
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਮੌਜੂਦਾ ਸੈਸ਼ਨ ਦੌਰਾਨ 9ਵੀਂ, 10ਵੀਂ, 11ਵੀਂ, 12ਵੀਂ (ਕੇਵਲ ਸਾਇੰਸ ਸਟ੍ਰੀਮ) ਦੇ ਵਿਦਿਆਰਥੀਆਂ ਨੂੰ ਪੰਜਾਬ ’ਚ ਮੌਜੂਦ ਵੱਖ-ਵੱਖ ਉਚ ਸਿੱਖਿਆ ਸੰਸਥਾਵਾਂ ਦਾ ਸਟੱਡੀ ਟਰਿੱਪ ਕਰਵਾਇਆ ਜਾਣਾ ਹੈ। ਇਸ ਵਿਚ ਉਹ ਪੰਜਾਬ ਦੇ ਵੱਖ-ਵੱਖ ਯੂਨੀਵਰਸਿਟੀਜ਼ ਦੇ ਨਾਲ ਸਾਇੰਸ ਸਿਟੀ, ਆਈ. ਆਈ. ਟੀ., ਆਈ. ਆਈ. ਐੱਸ. ਈ. ਆਰ. ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਿਜ਼ ਆਦਿ ਦਾ ਟੂਰ ਕਰਵਾਇਆ ਜਾਵੇਗਾ। ਇਸ ਸਟੱਡੀ ਟਰਿੱਪ ਲਈ ਵਿਭਾਗ ਵੱਲੋਂ 18 ਕਰੋੜ ਤੋਂ ਜ਼ਿਆਦਾ ਦੇ ਫੰਡਸ ਵੀ ਜਾਰੀ ਕੀਤੇ ਗਏ ਹਨ। ਟਰਿੱਪ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਟਰਿੱਪ ਦਾ ਸਮੇਂ ’ਤੇ ਆਯੋਜਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹੁਣ ਪੰਜਾਬ ਦਾ ਸਭ ਤੋਂ ਵੱਡਾ Highway ਕੀਤਾ ਗਿਆ ਜਾਮ, ਟਰੱਕ ਵਾਲਿਆਂ ਦਾ ਪੁਲਸ ਨਾਲ ਪਿਆ ਪੇਚਾ (ਵੀਡੀਓ)
5 ਤੋਂ 12 ਜਨਵਰੀ ਤੱਕ ਲੱਗੇਗੀ ਸਾਇੰਸ ਐਗਜ਼ੀਬਿਸ਼ਨ
ਸਿੱਖਿਆ ਵਿਭਾਗ ਨੂੰ ਪ੍ਰੀਖਿਆਵਾਂ ਤੋਂ ਐਨ ਪਹਿਲਾਂ ਸਾਇੰਸ ਐਗਜ਼ੀਬਿਸ਼ਨ ਦੀ ਵੀ ਯਾਦ ਆ ਗਈ ਹੈ। ‘ਰਾਸ਼ਟਰੀ ਅਵਿਸ਼ਕਾਰ ਅਭਿਆਨ’ ਤਹਿਤ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਾਇੰਸ ਐਗਜ਼ੀਬਿਸ਼ਨ ਦੇ ਆਯੋਜਨ ਦੇ ਸਬੰਧ ’ਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਅਨੁਸਾਰ 6ਵੀਂ ਤੋਂ 8ਵੀਂ ਕਲਾਸ ਦੀ 5 ਜਨਵਰੀ ਨੂੰ ਬਲਾਕ ਪੱਧਰ ਅਤੇ 9 ਜਨਵਰੀ ਨੂੰ ਜ਼ਿਲ੍ਹਾ ਪੱਧਰ ’ਤੇ ਸਾਇੰਸ ਐਗਜ਼ੀਬਿਸ਼ਨ ਆਯੋਜਿਤ ਕੀਤੀ ਜਾਵੇਗੀ। ਇਸੇ ਤਰ੍ਹਾਂ 9ਵੀਂ ਅਤੇ 10ਵੀਂ ਕਲਾਸ ਲਈ 6 ਜਨਵਰੀ ਨੂੰ ਬਲਾਕ ਪੱਧਰ ਅਤੇ 10 ਜਨਵਰੀ ਨੂੰ ਜ਼ਿਲ੍ਹਾ ਪੱਧਰ ’ਤੇ ਸਾਇੰਸ ਐਗਜੀਬਿਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਦਕਿ 6ਵੀਂ ਤੋਂ 10ਵੀਂ ਸਾਰੀਆਂ ਕਲਾਸਾਂ ਲਈ ਸੂਬਾ ਪੱਧਰੀ ਸਾਇੰਸ ਐਗਜ਼ੀਬਿਸ਼ਨ ਦਾ ਆਯੋਜਨ 12 ਜਨਵਰੀ ਨੂੰ ਕੀਤਾ ਜਾਵੇਗਾ। ਇਸ ਦੇ ਲਈ ਵਿਭਾਗ ਵੱਲੋਂ ਬਲਾਕ ਪੱਧਰੀ ਆਯੋਜਨ ਲਈ 11.4 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਦਕਿ ਜ਼ਿਲ੍ਹਾ ਪੱਧਰੀ ਆਯੋਜਨ ਲਈ 9.85 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਕੋਲਡ ਡੇਅ ਦਾ Alert, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਇਸ ਦੇ ਨਾਲ ਸੂਬਾ ਪੱਧਰੀ ਆਯੋਜਨ ਲਈ 1.74 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਬਲਾਕ ਪੱਧਰ ’ਤੇ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀਆਂ 2 ਟੀਮਾਂ (6ਵੀਂ ਤੋਂ 8ਵੀਂ ਕਲਾਸ ਵਿਚ ਇਸ ਨੂੰ ਇਕ ਅਤੇ 9ਵੀਂ ਤੋਂ10ਵੀਂ ਕਲਾਸ ’ਚੋਂ ਇਕ) ਦੇ ਵਿਦਿਆਰਥੀ ਮਾਡਲ ਤਿਆਰ ਕਰਦੇ ਹੋਏ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ’ਚ ਭਾਗ ਲੈਣਗੇ, ਉੱਥੇ ਜ਼ਿਲ੍ਹਾ ਪੱਧਰ ’ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ 2 ਟੀਮਾਂ (6ਵੀਂ ਤੋਂ 8ਵੀਂ ਕਲਾਸ ’ਚੋਂ ਇਕ ਅਤੇ 9ਵੀਂ ਤੋਂ 10ਵੀਂ ਕਲਾਸ ’ਚੋਂ ਇਕ) ਨੂੰ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸ਼ਾਮਲ ਕੀਤਾ ਜਾਵੇਗਾ। ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਮੈਰੀਟੋਰੀਅਸ ਸਕੂਲ ਲੁਧਿਆਣਾ ’ਚ ਕੀਤਾ ਜਾਵੇਗਾ। ਸਟੇਟ ਪੱਧਰ ’ਤੇ ਵਿਗਿਆਨ ਪ੍ਰਦਰਸ਼ਨੀ ਮੇਲੇ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਦੀ ਅਗਵਾਈ ਵਿਚ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਵੱਲੋਂ ਕੀਤਾ ਜਾਵੇਗਾ।
16 ਤੋਂ 19 ਜਨਵਰੀ ਨੂੰ ਹੋਵੇਗੀ ਕੁਇੱਜ਼
‘ਰਾਸ਼ਟਰੀ ਅਵਿਸ਼ਕਾਰ ਅਭਿਆਨ’ ਦੇ ਅਧੀਨ ਸਿੱਖਿਆ ਵਿਭਾਗ ਵੱਲੋਂ 16 ਜਨਵਰੀ ਤੋਂ 19 ਜਨਵਰੀ ਤੱਕ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਇੰਸ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ’ਤੇ ਅਧਾਰਿਤ ਕੁਇੱਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। 16 ਜਨਵਰੀ ਨੂੰ ਬਲਾਕ ’ਤੇ ਕੁਇੱਜ਼ ਦਾ ਆਯੋਜਨ ਕੀਤਾ ਜਾਵੇਗਾ, ਜਦੋਂ ਕਿ 18 ਨੂੰ ਜ਼ਿਲ੍ਹਾ ਅਤੇ 19 ਜਨਵਰੀ ਨੂੰ ਰਾਜ ਪੱਧਰੀ ਕੁਇੱਜ਼ ਪ੍ਰਤੀਯੋਗਤਾ ਆਯੋਜਿਤ ਕੀਤੀ ਜਾਵੇਗੀ। ਪਹਿਲੀ ਟੀਮ ਵਿਚ 3 ਮੈਂਬਰੀ 6ਵੀਂ ਤੋਂ 8ਵੀਂ ਕਲਾਸ ਤੱਕ ਪ੍ਰਤੀ ਕਲਾਸ ਦਾ ਇਕ ਵਿਦਿਆਰਥੀ ਅਤੇ ਦੂਜੀ ਟੀਮ ’ਚੋਂ 2 ਮੈਂਬਰ 9ਵੀਂ ਅਤੇ 10ਵੀਂ ਕਲਾਸ ਤੋਂ ਇਕ-ਇਕ ਵਿਦਿਆਰਥੀ ਸ਼ਾਮਲ ਹੋਣਗੇ। ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਇਹ ਕੁਇੱਜ਼ ਮੁਕਾਬਲੇ ਦਾ ਸੰਚਾਲਣ ਅਤੇ ਪ੍ਰਸ਼ਨ ਬੈਂਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਅਗਵਾਈ ਵਿਚ ਬੀ. ਐੱਨ. ਓਜ਼ ਵੱਲੋਂ ਸਾਇੰਸ, ਗਣਿਤ, ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਸਹਾਇਤਾ ਨਾਲ ਤਿਆਰ ਕੀਤਾ ਜਾਵੇਗਾ। ਸੂਬਾ ਪੱਧਰੀ ਮੁਕਾਬਲੇ ਦਾ ਆਯੋਜਨ ਮੈਰੀਟੋਰੀਅਸ ਸਕੂਲ ’ਚ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News