ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

Sunday, Mar 31, 2024 - 11:21 AM (IST)

ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

ਅੰਮ੍ਰਿਤਸਰ(ਦਲਜੀਤ)- ਜ਼ਿਲ੍ਹੇ ਦੇ ਵਧੇਰੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੇ ਕਿਤਾਬਾਂ ਦੇ ਰੇਟ ਅਤੇ ਯੂਨੀਫਾਰਮ ਵੇਚਣ ਦੇ ਮਾਮਲੇ ਨੂੰ ਸਿੱਖਿਆ ਵਿਭਾਗ ਵੱਲੋਂ ਗੰਭੀਰਤਾ ਨਾਲ ਲੈਣ ਦਾ ਦਾਅਵਾ ਕੀਤਾ ਗਿਆ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੇ ਸੀ. ਬੀ. ਐੱਸ. ਈ., ਆਈ. ਸੀ. ਆਈ. ਸੀ., ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਹੋਰ ਬੋਰਡਾਂ ਨਾਲ ਸਬੰਧਤ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਤਾਬਾਂ, ਯੂਨੀਫਾਰਮ ਅਤੇ ਫੀਸਾਂ ਸਬੰਧੀ ਗਾਈਡਲਾਈਨ ਜਾਰੀ ਕੀਤੀ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਸਬੰਧਤ ਸਕੂਲ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਇਸ ਸਬੰਧ ’ਚ ਉਪ ਜ਼ਿਲਾ ਸਿੱਖਿਆ ਅਫਸਰ ਬਲਰਾਜ ਸਿੰਘ ਢਿੱਲੋਂ ਦੀ ਅਗਵਾਈ ’ਚ ਚੈਕਿੰਗ ਟੀਮ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਟੀਮ ਲਗਾਤਾਰ ਸਕੂਲਾਂ ’ਚ ਚੈਕਿੰਗ ਕਰਨ ਲਈ ਜਾਵੇਗੀ।

ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਜਾਰੀ ਸਮੂਹ ਸਕੂਲਾਂ ਨੂੰ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਦਫਤਰ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਕੁਝ ਮੈਨੇਜਮੈਂਟਾਂ ਵੱਲੋਂ ਆਪਣੇ ਅਧੀਨ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਯੂਨੀਫਾਰਮ (ਵਰਦੀਆਂ) ਅਤੇ ਕਿਤਾਬਾਂ ਕਿਸੇ ਖਾਸ ਦੁਕਾਨ/ਫਰੰਟ ਤੋਂ ਖਰੀਦਣ ਜਾਂ ਆਪਣੇ ਸਕੂਲ ’ਚੋਂ ਹੀ ਖਰੀਦਣ ਲਈ ਮਜ਼ਬੂਰ ਕਰਦੇ ਹਨ। ਅਜਿਹਾ ਕਰਨ ਨਾਲ ਵਿਦਿਆਰਥੀਆਂ ਦੇ ਮਾਪਿਆ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਵਿਦਿਆਰਥੀਆਂ ਦੇ ਮਾਪਿਆ ਨੂੰ ਵਰਦੀਆਂ ਅਤੇ ਕਿਤਾਬਾਂ ਕਿਸੇ ਖਾਸ ਦੁਕਾਨ/ਫਰਮ ਤੋਂ ਖਰੀਦਣ ਲਈ ਭਾਰੀ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ।

ਇਸ ਸਬੰਧੀ ਹੇਠ ਲਿਖੇ ਅਨੁਸਾਰ ਗਾਈਡਲਾਈਨਜ਼ ਜਾਰੀ ਕੀਤੀ ਜਾਂਦੀ ਹੈ ਅਤੇ ਨਿਯਮਾਂ ਦੀ ਪਾਲਣਾ ਕਰਨਾ ਸਮੂਹ ਸਕੂਲਾਂ ਲਈ ਜ਼ਰੂਰੀ ਹੈ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਂਟ ਸਬੰਧਤ ਬੋਰਡਾਂ ਤੋਂ ਪ੍ਰਵਾਨਿਤ ਸਿਲੇਬਸ ਮੁਤਾਬਿਕ ਪ੍ਰਵਾਨਿਤ ਕਿਤਾਬਾਂ ਹੀ ਵਿਦਿਆਰਥੀਆਂ ਨੂੰ ਲਾਉਣ ਅਤੇ ਇਹ ਕਿਤਾਬਾਂ ਦੀ ਸੂਚੀ ਆਪਣੇ ਸਕੂਲ ਦੀ ਵੈੱਬਸਾਈਟ ’ਤੇ ਦਰਸਾਉਣ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਉਸ ਸੂਚੀ ਮੁਤਾਬਕ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਖ਼ਰੀਦ ਸਕਣ।

ਇਹ ਵੀ ਪੜ੍ਹੋ : ਪਠਾਨਕੋਟ 'ਚ ਵੱਡੀ ਵਾਰਦਾਤ, ਢਾਬੇ 'ਤੇ ਬੈਠੇ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਪ੍ਰਾਈਵੇਟ ਸਕੂਲਾਂ ਦੀਆਂ ਕੁਝ ਮੈਨੇਜਮੈਟਾਂ ਪ੍ਰਾਈਵੇਟ ਪਬਲਿਸ਼ਰ ਤੋਂ ਨਿਰਧਾਰਿਤ ਸਿਲੇਬਸ ਜੋ ਸਬੰਧਤ ਬੋਰਡ ਵੱਲੋਂ ਬਦਲਿਆ ਨਹੀਂ ਗਿਆ, ਪਾਠਕ੍ਰਮਾਂ ਨੂੰ ਅੱਗੇ-ਪਿੱਛੇ ਕਰ ਕੇ ਪਿਛਲੇ ਸਾਲ ਨਾਲੋਂ ਮੌਜੂਦਾ ਸਾਲ ਵਿਚ ਨਵੀਂ ਕਿਤਾਬ ਤਿਆਰ ਕਰਵਾਉਂਦੇ ਹਨ ਤਾਂ ਜੋ ਮੌਜੂਦਾ ਵਿਦਿਆਰਥੀ ਪਿਛਲੇ ਸਾਲ ਦੀਆਂ ਪੁਰਾਣੀਆ ਕਿਤਾਬਾਂ ਨਾ ਖਰੀਦ ਸਕਣ ਅਤੇ ਵਿਦਿਆਰਥੀਆਂ ਨੂੰ ਮਜ਼ਬੂਰ ਹੋ ਕੇ ਨਵੀਆਂ ਕਿਤਾਬਾਂ ਹੀ ਖਰੀਦਣੀਆਂ ਪੈਂਦੀਆਂ ਹਨ। ਅਜਿਹੀ ਗਲਤ ਆਦਤ ਨੂੰ ਰੋਕਿਆ ਜਾਵੇ। ਜੇਕਰ ਸਬੰਧਤ ਬੋਰਡ ਵੱਲੋਂ ਕਿਸੇ ਵੀ ਕਲਾਸ ਵਿਚ ਕਿਸੇ ਵੀ ਸਿਲੇਬਸ ਦਾ ਬਦਲਾਅ ਨਹੀਂ ਕੀਤਾ ਜਾਂਦਾ ਅਤੇ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀ ਪਿਛਲੇ ਸਾਲ ਦੀਆਂ ਪੁਰਾਣੀਆਂ ਕਿਤਾਬਾਂ ਖਰੀਦਣ ਦੇ ਚਾਹਵਾਨ ਹਨ, ਤਾਂ ਅਜਿਹੀ ਹਾਲਤ ’ਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਵੀਆਂ ਕਿਤਾਬਾਂ ਲੈਣ ਲਈ ਮਜ਼ਬੂਰ ਨਾ ਕੀਤਾ ਜਾਵੇ।

ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਹਦਾਇਤ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਟਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਜਿਹੜੀ ਵਰਦੀ ਇਕ ਵਾਰ ਵਿਦਿਆਰਥੀਆਂ ਨੂੰ ਲਾਈ ਜਾਂਦੀ ਹੈ ਉਹ ਘੱਟੋ-ਘੱਟ ਤਿੰਨ ਸਾਲ ਲਗਾਤਾਰ ਜਾਰੀ ਰੱਖੀ ਜਾਵੇ। ਹਰ ਸਾਲ ਵਰਦੀ ਦਾ ਰੰਗ ਬਦਲਿਆ ਨਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਵੀ ਵਿਦਿਆਰਥੀਆਂ ਦੇ ਮਾਪਿਆਂ ’ਤੇ ਬੇਲੋੜੇ ਖਰਚੇ ਦਾ ਭਾਰ ਵਧਦਾ ਹੈ। ਪ੍ਰਾਈਵੇਟ ਸਕੂਲਾਂ ਦੇ ਅੰਦਰ ਵਰਦੀਆਂ ਅਤੇ ਕਿਤਾਬਾਂ ਵੇਚਣ ’ਤੇ ਮੁਕੰਮਲ ਪਾਬੰਦੀ ਹੋਵੇਗੀ। ਉਕਤ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਟਾਂ ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਸੇ ਵੀ ਖਾਸ ਦੁਕਾਨ/ਫਰਮ ਤੋਂ ਵਰਦੀਆਂ ਅਤੇ ਕਿਤਾਬਾਂ ਖਰੀਦਣ ਲਈ ਮਜ਼ਬੂਰ ਨਹੀਂ ਕਰਨਗੇ। ਉਕਤ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈਟਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਫੀਸ ਰੈਗੂਲੇਟਰੀ ਐਕਟ ਤਹਿਤ 8 ਫੀਸਦੀ ਤੋਂ ਵੱਧ ਫੀਸ ਨਾ ਵਧਾਈ ਜਾਵੇ। ਵਿਦਿਆਰਥੀਆਂ ਨੂੰ ਸਕੂਲਾਂ ਵਿਚ ਨਾ ਬੈਠਣ ਦੇਣ, ਪੇਪਰਾਂ ਵਿਚ ਨਾ ਬੈਠਣ ਦੇਣ, ਰਿਜ਼ਲਟ ਨਾ ਦੇਣ, ਫੀਸਾਂ, ਵਰਦੀਆਂ ਅਤੇ ਕਿਤਾਬਾਂ ਸਬੰਧੀ ਕਿਸੇ ਸਕੂਲ ਵੱਲੋਂ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਸਿੱਖਿਆ ਵਿਭਾਗ ਦੇ ਧਿਆਨ ਵਿਚ ਆਉਂਦਾ ਹੈ ਤਾਂ ਉਸ ਸਕੂਲ ਖਿਲਾਫ ਢੁੱਕਵੀਂ ਕਾਰਵਾਈ ਲਈ ਉੱਚ ਵਿਭਾਗ ਨੂੰ ਲਿਖ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

ਇਸ ਸਬੰਧ ਵਿਚ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣ ਨਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਲਾਵਾ ਉਹ ਖੁਦ ਵੀ ਸੋਮਵਾਰ ਤੋਂ ਸਕੂਲਾਂ ਦੀ ਚੈਕਿੰਗ ਕਰਨ ਜਾ ਰਹੇ ਹਨ। ਜੇਕਰ ਕੋਈ ਵੀ ਜਾਂਚ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਮਾਪਿਆਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਜਾਂਚ ਦੇ ਨਾਂ ’ਤੇ ਖਾਨਾਪੂਰਤੀ ਨਾ ਕਰੇ ਵਿਭਾਗ

ਸਮਾਜ ਸੇਵਕ ਅਤੇ ਆਰ. ਟੀ. ਆਈ ਐਕਟੀਵਿਸਟ ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਸਾਲ ਪ੍ਰਾਈਵੇਟ ਸਕੂਲਾਂ ਨੂੰ ਵਰਦੀਆਂ, ਕਿਤਾਬਾਂ ਅਤੇ ਫੀਸਾਂ ਦੇ ਮਨਚਾਹੇ ਰੇਟ ਨਾ ਲਾਉਣ ਦੇ ਸਬੰਧ ਵਿਚ ਨਿਯਮਾਂ ਦਾ ਪਾਠ ਪੜ੍ਹਾਇਆ ਜਾਂਦਾ ਹੈ। ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਸਿਰਫ ਖਾਨਾਪੂਰਤੀ ਲਈ ਜਾਰੀ ਕੀਤੇ ਜਾਂਦੇ ਹਨ, ਜਦਕਿ ਸਕੂਲਾਂ ਵਿਚ ਜਾ ਕੇ ਅਧਿਕਾਰੀ ਚਾਹ-ਪਾਣੀ ਪੀ ਕੇ ਆਰਾਮ ਨਾਲ ਦਫਤਰ ਵਿਚ ਆ ਜਾਂਦੇ ਹਨ ਅਤੇ ਕਾਰਵਾਈ ਕਰਨ ਦੀ ਬਜਾਏ ਕਾਗਜ਼ਾਂ ਦਾ ਢਿੱਡ ਭਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਜੇਕਰ ਚੈੱਕ ਕੀਤਾ ਜਾਵੇ ਤਾਂ ਕਿਸੇ ਵੀ ਸਕੂਲ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News