ਕੋਲਡ ਡਰਿੰਗ ’ਚ ਨਸ਼ੇ ਵਾਲਾ ਪਦਾਰਥ ਪਿਆ ਕੇ ਕੀਤਾ ਜਬਰ-ਜ਼ਨਾਹ

08/28/2018 6:38:14 AM

ਲੁਧਿਆਣਾ, (ਰਿਸ਼ੀ)- ਬੈਂਕ ਲੋਨ ਦੇ ਕਾਗ਼ਜ਼ਾਤ ਚੈੱਕ ਕਰਵਾਉਣ ਦੇ ਬਹਾਨੇ ਸਰਕਾਰੀ ਬੈਂਕ ਦੇ ਕਰਮਚਾਰੀ ਨੇ ਔਰਤ ਨੂੰ ਆਪਣੇ ਕੋਲ ਗੁਰੂ ਅਰਜਨ ਦੇਵ ਨਗਰ ਵਿਚ ਸਥਿਤ ਘਰ ਬੁਲਾ ਲਿਆ ਅਤੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। 
ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ  ਔਰਤ ਦੀ ਸ਼ਿਕਾਇਤ ’ਤੇ 4 ਬੱਚਿਆਂ ਦੇ ਪਿਉ ਬਲਵਿੰਦਰ ਸਿੰਘ (52) ਨਿਵਾਸੀ ਸੈਕਟਰ-32 ਖਿਲਾਫ ਜਬਰ-ਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਜਿਸ ਜਗ੍ਹਾ ’ਤੇ ਜਬਰ-ਜ਼ਨਾਹ ਕੀਤਾ, ਉਹ ਵੀ ਬੈਂਕ ਕਰਮਚਾਰੀ ਦਾ ਆਪਣਾ ਘਰ ਹੈ। ਦੋਸ਼ੀ  ਅਪਾਹਜ ਹੈ।
 ®ਥਾਣਾ ਇੰਚਾਰਜ ਇੰਸ. ਹਰਜਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਲੇਮ ਟਾਬਰੀ ਦੀ ਰਹਿਣ ਵਾਲੀ 36 ਸਾਲਾ ਪੀਡ਼ਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸ਼ਿਵਪੁਰੀ ਇਲਾਕੇ ਵਿਚ ਇਕ ਬੈਂਕ ਵਿਚ ਲੋਨ ਲੈਣ ਗਈ ਸੀ, ਜਿਥੇ ਉਸ ਦੀ ਮੁਲਾਕਾਤ ਉਕਤ ਦੋਸ਼ੀ ਨਾਲ ਹੋਈ, ਜੋ ਬੈਂਕ ਵਿਚ ਕਲਰਕ ਹੈ।  ਉਸ ਨੇ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ ਕਿਹਾ ਕਿ ਬੈਂਕ ਵਿਚ ਸਮਾਂ ਘੱਟ ਹੋਣ ਕਾਰਨ ਉਸ ਨਾਲ ਗੱਲਬਾਤ ਨਹੀਂ ਕਰ ਸਕਦਾ ਅਤੇ ਘਰ ਆਉਣ ਦੀ ਗੱਲ ਕਹੀ।
 ਇੰਨਾ ਹੀ ਨਹੀਂ ਲੋਨ ਪਾਸ ਕਰਵਾਉਣ ਦਾ ਭਰੋਸਾ ਵੀ ਦਿੱਤਾ। ਉਸ ਦੀਆਂ ਗੱਲਾਂ ਵਿਚ ਆ ਕੇ ਸੋਮਵਾਰ ਸਵੇਰੇ ਲਗਭਗ 9 ਵਜੇ ਲੋਨ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਸਮਰਾਲਾ ਚੌਕ ਆਈ ਤਾਂ ਉਥੋਂ ਉਕਤ ਦੋਸ਼ੀ ਆਪਣੀ ਐਕਟਿਵਾ ’ਤੇ ਬਿਠਾ ਕੇ ਉਕਤ ਜਗ੍ਹਾ ’ਤੇ ਲੈ ਗਿਆ, ਜਿੱਥੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਹੋਸ਼ ਆਉਣ ’ਤੇ ਉਸ ਨੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।


Related News