ਗੱਡੀ ''ਚ ਸੁੱਤੇ ਪਏ ਡਰਾਈਵਰ ''ਤੇ ਹਮਲਾ ਕਰ ਕੇ 1.20 ਲੱਖ ਰੁਪਏ ਲੁੱਟੇ
Thursday, Oct 05, 2017 - 07:27 AM (IST)
ਖੰਨਾ, (ਸੁਨੀਲ)– ਫੋਕਲ ਪੁਆਇੰਟ ਵਿਖੇ ਮਾਲ ਉਤਾਰਨ ਆਏ ਇਕ ਟਰੱਕ ਡਰਾਈਵਰ ਨਾਲ ਉਸਦੇ ਕਲੀਨਰ ਨੇ ਡਰਾਈਵਰ ਦੇ ਸੌਣ ਮਗਰੋਂ ਉਸ ਤੇ ਤੇਜ਼ਧਾਰ ਹਥਿਆਰ (ਪੇਚਕਸ) ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱੱਤਾ ਅਤੇ ਗੱਡੀ 'ਚ ਪਿਆ ਕਰੀਬ 1 ਲੱਖ 20 ਹਜ਼ਾਰ ਰੁਪਏ ਦੇ ਨਾਲ-ਨਾਲ ਉਸਦਾ ਪਰਸ ਵੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਜਦੋਂ ਕਲੀਨਰ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲਗਾ ਤਾਂ ਜ਼ਖਮੀ ਹਾਲਤ 'ਚ ਡਰਾਈਵਰ ਨੇ ਗੱਡੀ 'ਚੋਂ ਛਲਾਂਗ ਮਾਰ ਕੇ ਇਕ ਫੈਕਟਰੀ 'ਚ ਵੜ ਕੇ ਆਪਣੀ ਜਾਨ ਬਚਾਈ। ਗੰਭੀਰ ਰੂਪ 'ਚ ਜ਼ਖਮੀ ਡਰਾਈਵਰ ਨੂੰ ਫੈਕਟਰੀ ਦੇ ਮਾਲਕ ਨੇ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਦੇ ਆਲਾ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦੇ ਹੋਏ ਗੱਡੀ ਦੇ ਡਰਾਈਵਰ ਸੰਜੀਵ (30) ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮੱਠੀ ਕੋਟ ਜ਼ਿਲਾ ਪਠਾਨਕੋਟ ਨੇ ਦੱਸਿਆ ਕਿ ਉਹ ਆਪਣੇ ਟਰੱਕ ਨ.ੰ ਪੀ ਬੀ 07 ਏ ਐੱਫ-6015 'ਚ ਗੋਰਖਪੁਰ ਤੋਂ ਖੰਨਾ ਦੇ ਫੋਕਲ ਪੁਆਇੰਟ ਲਈ ਫੱਕ ਭਰ ਕੇ ਲਿਆਇਆ ਸੀ। ਉਸਨੇ ਦੱਸਿਆ ਕਿ ਖੰਨਾ ਪੁੱਜਕੇ ਰਾਤ ਨੂੰ ਜਦੋਂ ਉਹ ਅਤੇ ਉਸਦਾ ਕਲੀਨਰ, ਜਿਸਨੂੰ ਕਿ ਉਹ ਪਠਾਨਕੋਟ ਤੋਂ ਹੀ ਲੈ ਕੇ ਆਇਆ ਸੀ, ਦੇ ਨਾਲ ਗੱਡੀ 'ਚ ਸੌਂ ਗਿਆ।
ਡਰਾਈਵਰ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੌਂ ਗਿਆ ਤਾਂ ਉਸਦੇ ਕਲੀਨਰ ਨੇ ਪੇਚਕਸ ਦੇ ਨਾਲ ਉਸ 'ਤੇ ਵਾਰ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਗੱਡੀ ਦੇ ਬਾਕਸ 'ਚ ਪਏ 1 ਲੱਖ ਰੁਪਏ ਅਤੇ ਉਸਦੀ ਜੇਬ 'ਚ ਪਏ 20 ਹਜ਼ਾਰ ਰੁਪਏ ਅਤੇ ਉਸਦਾ ਪਰਸ ਵੀ ਚੋਰੀ ਕਰ ਲਏ ਤੇ ਮੌਕੇ ਤੋਂ ਫਰਾਰ ਹੋ ਗਿਆ। ਡਾਕਟਰਾਂ ਮੁਤਾਬਿਕ ਗੰਭੀਰ ਜ਼ਖਮੀ ਡਰਾਈਵਰ ਦੇ ਕਈ ਟਾਂਕੇ ਲੱਗੇ ਹਨ।
