ਬਰੇਟਾ ਡਰੇਨ ’ਚ ਪਿਆ ਪਾੜ, ਫਸਲਾਂ ਦਾ ਹੋਇਆ ਭਾਰੀ ਨੁਕਸਾਨ
Sunday, Jul 01, 2018 - 05:47 AM (IST)
ਬਰੇਟਾ, (ਸਿੰਗਲਾ)- ਇੱਥੇ ਨਾਲ ਪੈਂਦੇ ਬਰੇਟਾ ਡਰੇਨ ’ਚ ਪਿਛਲੇਂ ਦੋ ਦਿਨਾਂ ਦੌਰਾਨ ਹੋਈ ਬਾਰਿਸ਼ ਦਾ ਪਾਣੀ ਭਰ ਜਾਣ ਅਤੇ ਇਸ ’ਚ ਪੈਦਾ ਹੋਈ ਜਲ-ਬੂਟੀ ਅਤੇ ਇਸ ਦੀ ਸਫਾਈ ਤੇ ਪਟੜੀ ਦੀ ਸੰਭਾਲ ਨਾ ਹੋਣ ਕਾਰਨ ਪਾੜ ਪੈ ਜਾਣ ਕਰ ਕੇ ਕਈ ਖੇਤਾਂ ’ਚ ਪਾਣੀ ਭਰ ਜਾਣ ਨਾਲ ਫਸਲਾਂ ਖਰਾਬ ਹੋਣ ਦਾ ਸਮਾਚਾਰ ਹੈ।ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਨਿੱਕਾ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਉਸਦੀ ਚਾਰ ਕਿੱਲੇ ਝੋਨੇ ਤੇ ਦੋ ਕਿੱਲੇ ਨਰਮੇ ਦੀ ਫਸਲ ’ਚ ਪਾਣੀ ਭਰ ਜਾਣ ਕਾਰਨ ਪ੍ਰੇਸ਼ਾਨ ਹੈ।ਕਿਸਾਨ ਨਾਜਰ ਸਿੰਘ ਦਾ ਕਹਿਣਾ ਸੀ ਕਿ ਉਸਦੀ ਦੋ ਕਿੱਲੇ ਨਰਮੇ ਤੇ 2 ਕਿੱਲੇ ਝੋਨੇ ਦੀ ਫਸਲ ਅਤੇ ਕਿਸਾਨ ਬੀਰਾ ਸਿੰਘ ਬਹਾਦਰਪੁਰ ਦੀ 10 ਕਿੱਲੇ ਫਸਲ ’ਚ ਪਾਣੀ ਭਰ ਜਾਣ ਕਾਰਨ ਫਸਲ ਡੁੱਬੀ ਹੋਈ ਹੈ। ਚਰਨਜੀਤ ਸਿੰਘ ਦਾ ਕਹਿਣਾ ਸੀ ਕਿ ਇਸ ਡਰੇਨ ’ਤੇ ਬੁਰਜੀ ਨੰਬਰ 94700 ਲਾਗੇ ਇਕ ਪੁਲੀ ਬਣਾਉਣ ਲਈ ਦਰਖਾਸਤ ਦਿੱਤੇ ਜਾਣ ’ਤੇ ਨਿਗਰਾਨ ਅਫਸਰ ਵੱਲੋਂ ਐੱਸ. ਡੀ. ਓ. ਮੰਡੀ ਬੋਰਡ ਨੂੰ ਭੇਜੀ ਗਈ ਪਰ ਇਹ ਪੁਲੀ ਨਾ ਬਣਾਏ ਜਾਣ ਕਾਰਨ ਪਾਣੀ ਭਰ ਜਾਣ ਕਰ ਕੇ ਫਸਲਾਂ ਦਾ ਨੁਕਸਾਨ ਹੋਇਆ।
ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਤੇ ਪੁਲੀ ਤੋ ਅੱਗੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਣ ਦਾ ਵੀ ਸਮਾਚਾਰ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਡਰੇਨ ’ਚ ਜਿੱਥੇ ਕਿਸ਼ਨਗੜ੍ਹ ਡਰੇਨ ਜੁੜਦੀ ਹੈ, ਉਥੋ ਵੀ ਪਾਣੀ ਟੁੱਟਿਆ ਹੈ। ਪਾੜ ਪੈਣ ਦਾ ਪਤਾ ਉਨ੍ਹਾਂ ਨੂੰ ਸਵੇਰ ਵੇਲੇ ਲੱਗਿਅਾ ਤੇ ਖੇਤਾਂ ’ਚ ਪਾਣੀ ਭਰ ਚੁੱਕਿਆ ਸੀ।
ਇਨ੍ਹਾਂ ਕਿਸਾਨਾਂ ਦਾ ਦੋਸ਼ ਹੈ ਕਿ ਡਰੇਨ ਵਿਭਾਗ ਵੱਲੋਂ ਡਰੇਨ ਦੀ ਕਦੇ ਵੀ ਸਫਾਈ ਨਹੀਂ ਕਰਵਾਈ ਤੇ ਪੈਦਾ ਹੋਈ ਜਲ-ਬੂਟੀ ਵੱਢ ਕੇ ਸੁੱਟੀ ਪਿੱਛੋਂ ਆ ਰਹੀ ਹੈ ਤੇ ਪੁਲੀ ’ਚ ਫਸ ਰਹੀ ਹੈ ਅਤੇ ਉਹ ਇਸ ਜਲ-ਬੂਟੀ ਨੂੰ ਕੱਢਣ ਲਈ ਜੂਝ ਰਹੇ ਹਨ ਪਰ ਸਰਕਾਰ ਅਜੇ ਵੀ ਸੁੱਤੀ ਪਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਡਰੇਨ ਲਈ ਖੱਤਰੀਵਾਲਾ ਪੁਲ ਜਿਹੜਾ ਕਿ ਪੱਕਾ ਨਹੀਂ ਕੀਤਾ ਗਿਆ ਤੇ ਜੋ ਕੱਚਾ ਹੋਣ ਕਾਰਨ ਰੁੜ ਗਿਆ ਹੈ ਤੇ ਬੱਚਿਆਂ ਨੂੰ ਕਾਲਜ ਜਾਣ ’ਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ। ਸ਼ਾਇਦ ਇਸ ਦਰਦ ਭਰੀ ਸਥਿਤੀ ਨੂੰ ਹੁਣ ਪ੍ਰਸ਼ਾਸਨ ਜਾਂ ਸਰਕਾਰ ਦੇਖ ਸਕੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।
