ਰੋਜ਼ਗਾਰ ਮੇਲਿਆਂ ਦੀ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਬਿਊਰੋ ਦੀ ਟੀਮ ਦੀ ਕੀਤੀ ਸ਼ਲਾਘਾ

Wednesday, Oct 14, 2020 - 10:16 PM (IST)

ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ ਸਤੰਬਰ ਮਹੀਨੇ ਵਿੱਚ ਲਗਾਏ ਗਏ ਰੋਜ਼ਗਾਰ ਮੇਲਿਆਂ ਦੀ ਸਫ਼ਲਤਾਪੂਰਵਕ ਅਯੋਜਨ ਅਤੇ ਟੀਚੇ ਤੋਂ ਵੱਧ ਨੌਜਵਾਨਾਂ ਨੂੰ ਪਲੇਸਮੈਂਟ ਕਰਾਉਣ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਪੂਰੀ ਟੀਮ ਅਤੇ ਸਮੂਹ ਜੀ.ਓ.ਜੀਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੋਨਾਂ ਨੇ ਆਪਸੀ ਤਾਲਮੇਲ ਦੇ ਨਾਲ ਨੌਜਵਾਨਾਂ ਨੂੰ ਜਿਥੇ ਮੇਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ, ਉਥੇ ਉਨ੍ਹਾਂ ਰੋਜ਼ਗਾਰ ਦੇ ਬੇਹਤਰ ਮੌਕੇ ਵੀ ਪ੍ਰਦਾਨ ਕੀਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਬਲਾਕ ਪੱਧਰ ’ਤੇ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਸਾਰੇ ਵਿਦਿਅਕ ਵਰਗਾਂ ਦੇ ਨਾਲ-ਨਾਲ ਵੱਖ-ਵੱਖ ਉਦਯਗਿਕ ਇਕਾਈਆਂ ਅਤੇ ਇਲਾਕਿਆਂ ਨੂੰ ਕਵਰ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।

ਅਪਨੀਤ ਰਿਆਤ ਨੇ ਕਿਹਾ ਕਿ ਇਹੀ ਕਾਰਨ ਸੀ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ 2000 ਨੌਜਵਾਨਾਂ ਦੀ ਪਲੇਸਮੈਂਟ ਦੇ ਟੀਚੇ ਨੂੰ ਪੂਰਾ ਕਰਦੇ ਹੋਏ 5109 ਬੇਰੋਜ਼ਗਾਰ ਨੌਜਵਾਨਾਂ ਦੀ ਪਲੇਸਮੈਂਟ ਕਰਵਾਈ। ਉਨ੍ਹਾਂ ਇਸ ਬੇਹਤਰੀਨ ਕਾਰਜ ਲਈ ਜੀ.ਓ.ਜੀ ਜ਼ਿਲ੍ਹਾ ਪ੍ਰਧਾਨ ਕਰਨਲ (ਰਿਟਾ:) ਮਲੂਕ ਸਿੰਘ ਅਤੇ ਉਨ੍ਹਾਂ ਦੀ ਸਮੂਚੀ ਟੀਮ ਦੇ ਨਾਲ-ਨਾਲ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕਰਮ ਚੰਦ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
 


Bharat Thapa

Content Editor

Related News