ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਬੋਗਸ ਬਿਲਿੰਗ ਮਾਮਲੇ ’ਚ ਕੀਤੀ ਵੱਡੀ ਕਾਰਵਾਈ

Sunday, Oct 10, 2021 - 07:13 PM (IST)

ਚੰਡੀਗੜ੍ਹ (ਬਿਊਰੋ)-ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਸਬੰਧੀ ਬੀਤੇ 24 ਘੰਟਿਆਂ ਦੋਰਾਨ ਤਿੰਨ ਐੱਫ਼. ਆਈ. ਆਰ. ਦਰਜ ਕਰਵਾਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੀਆਂ ਭਾਰਤ ਭੂਸ਼ਣ ਆਸ਼ੂ ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਮੂਨਕ ਬਾਰਡਰ ’ਤੇ ਦੋ ਟਰੱਕ ਜ਼ਬਤ ਕੀਤੇ ਗਏ ਹਨ, ਜਦਕਿ ਤੀਸਰਾ ਟਰੱਕ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ’ਚ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੱਕਾਂ ਰਾਹੀਂ ਬੋਗਸ ਬਿਲਿੰਗ ਲਈ ਲਿਆਂਦਾ ਜਾ ਰਿਹਾ 800 ਕੁਇੰਟਲ ਚੌਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁਕੇਰੀਆਂ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫ਼ੈਲੀ ਸਨਸਨੀ

ਆਸ਼ੂ ਨੇ ਦੱਸਿਆ ਕਿ ਮੂਨਕ ਬਾਰਡਰ ’ਤੇ ਟਰੱਕ ਨੰਬਰ ਐੱਚ. ਆਰ. 69 ਸੀ 5323, ਜੋ ਯੂ. ਪੀ. ਦੇ ਸ਼ਾਹਜਹਾਂਪੁਰ ਦੇ ਬਾਂਦਾ ਸ਼ਹਿਰ ’ਚ ਸਥਿਤ ਜੇ. ਪੀ. ਦੇਵਲ ਰਾਈਸ ਮਿੱਲ ਤੋਂ 349.40 ਕੁਇੰਟਲ ਚੌਲ ਹਰਿਆਣਾ ਦੇ ਜਾਖਲ ਮੰਡੀ ਸਥਿਤ ਸ਼ਿਵ ਸ਼ੰਕਰ ਇੰਟਰਪ੍ਰਾਈਜ਼ਿਜ਼ ਦੇ ਨਾਂ ’ਤੇ ਲੈ ਕੇ ਆਇਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਟਰੱਕ ਡਰਾਈਵਰ ਅਤੇ ਇਸ ਮਾਲ ਸਬੰਧੀ ਸ਼ਾਮਲ ਦੋਵੇਂ ਫਰਮਾਂ ਖਿਲਾਫ਼ 420, 120ਬੀ ਅਧੀਨ ਐੱਫ. ਆਈ. ਆਰ. ਨੰਬਰ 109 ਮਿਤੀ 9-10-2021 ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਹੀ ਬਾਂਦਾ ਸਥਿਤ ਅਗਰਵਾਲ ਰਾਈਸ ਮਿੱਲ ਤੋਂ 298.80 ਕੁਇੰਟਲ ਪਰਮਲ ਚੌਲ ਦਲੀਪ ਚੰਦ ਰਾਈਸ ਐਂਡ ਜਨਰਲ ਮਿੱਲ ਪਟਿਆਲਾ ਰੋਡ ਜਾਖਲ ਦੇ ਨਾਂ ’ਤੇ ਲਿਆ ਰਹੇ ਟਰੱਕ ਨੰਬਰ ਆਰ. ਜੇ. 07 ਜੀਬੀ 7531 ਦੇ ਡਰਾਈਵਰ ਦਾਨਾ ਰਾਮ ਅਤੇ ਸਬੰਧਤ ਫਰਮਾਂ ਖਿਲਾਫ਼ ਆਈ. ਪੀ. ਸੀ. 1860 ਦੀ ਧਾਰਾ 420 ਅਤੇ 120 ਅਧੀਨ ਐੱਫ. ਆਈ. ਆਰ. ਨੰਬਰ 110 ਮਿਤੀ 10-10-2021 ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬਰਨਾਲਾ ਵਿਖੇ ਭਾਕਿਯੂ ਸਿੱਧੂਪੁਰ ਦੀ ਰੈਲੀ ’ਚ ਹੋਇਆ ਕਿਸਾਨਾਂ ਦਾ ਭਾਰੀ ਇਕੱਠ, ਸਰਕਾਰ ਨੂੰ ਦਿੱਤੀ ਇਹ ਚਿਤਾਵਨੀ

ਆਸ਼ੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉੱਡਣ ਦਸਤਿਆਂ ਦੀ ਚੌਕਸੀ ਸਦਕਾ ਬੋਗਸ ਬਿਲਿੰਗ ਲਈ ਪੱਛਮੀ ਬੰਗਾਲ ਦੇ ਬੁਰਦਾਵਾਨ ਸਥਿਤ ਬੀ. ਐੱਲ. ਟਰੇਡਰਜ਼ ਲਿਆਂਦਾ ਦਰਸਾਇਆ ਗਿਆ ਇਕ ਟਰੱਕ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ’ਤੇ 152 ਕੁਇੰਟਲ ਪਰਮਲ ਚੌਲ ਬਰਾਮਦ ਕੀਤਾ ਗਿਆ ਹੈ, ਜੋ ਫਾਜ਼ਿਲਕਾ ਸਥਿਤ ਆਰ. ਕੇ. ਇੰਡਸਟ੍ਰੀਜ਼ ਰੇਲਵੇ ਰੋਡ ਲਈ ਭਰਿਆ ਗਿਆ ਸੀ। ਇਸ ਸਬੰਧੀ ਟਰੱਕ ਨੰਬਰ ਐੱਨ. ਐੱਲ. 01 ਏਬੀ 5584 ਦੇ ਡਰਾਈਵਰ ਅਤੇ ਸਬੰਧਤ ਫਰਮਾਂ ਖ਼ਿਲਾਫ ਆਈ. ਪੀ. ਸੀ. 1860 ਦੀ ਧਾਰਾ 420, 511 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Manoj

Content Editor

Related News